ENG Vs WI: 117 ਦਿਨਾਂ ਬਾਅਦ ਸਾਉਥੈਮਪਟਨ ਵਿਖੇ ਖੇਡੇ ਗਏ ਅੰਤਰਰਾਸ਼ਟਰੀ ਟੈਸਟ ਮੈਚ ਵਿੱਚ, ਵੈਸਟਇੰਡੀਜ਼ ਦੀ ਟੀਮ ਕੋਰੋਨਾ ਵਾਇਰਸ ਦੇ ਖਤਰੇ ਦੇ ਵਿਚਕਾਰ ਬਲੈਕਵੁੱਡ ਦੀ 95 ਦੌੜਾਂ ਦੀ ਪਾਰੀ ਦੀ ਬਦੌਲਤ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਹੈ। ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਦੇ ਆਖਰੀ ਦਿਨ ਜਿੱਤ ਲਈ 200 ਦੌੜਾਂ ਦੀ ਚੁਣੌਤੀ ਮਿਲੀ, ਜਿਸ ਨੂੰ ਟੀਮ ਨੇ 6 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਹਾਲਾਂਕਿ, ਮੈਚ ਵਿੱਚ 9 ਵਿਕਟਾਂ ਲੈਣ ਵਾਲੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਗਰੈਬਿਆਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਪੂਰੇ ਟੈਸਟ ਮੈਚ ਦੇ ਦੌਰਾਨ, ਵੈਸਟਇੰਡੀਜ਼ ਦੁਆਰਾ ਸ਼ਾਨਦਾਰ ਖੇਡ ਪ੍ਰਦਰਸ਼ਨ ਦਿਖਾਇਆ ਗਿਆ। ਇੰਗਲੈਂਡ ਨੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਮੀਂਹ ਕਾਰਨ ਪਹਿਲੇ ਦਿਨ ਸਿਰਫ 17.4 ਓਵਰ ਦੀ ਖੇਡ ਹੀ ਹੋ ਸਕੀ। ਵੈਸਟਇੰਡੀਜ਼ ਨੇ ਕਪਤਾਨ ਹੋਲਡਰ ਨੇ 42 ਦੌੜਾਂ ‘ਤੇ 6 ਵਿਕਟਾਂ ਲੈ ਪਹਿਲੀ ਪਾਰੀ ‘ਚ ਇੰਗਲੈਂਡ ਨੂੰ 204 ਦੌੜਾਂ ‘ਤੇ ਰੋਕ ਦਿੱਤਾ। ਵੈਸਟਇੰਡੀਜ਼ ਨੇ ਬੱਲੇਬਾਜ਼ੀ ਕਰਦਿਆਂ 318 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ ਅਤੇ ਇੰਗਲੈਂਡ ਤੋਂ 114 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਿਲ ਕਰ ਲਈ। ਜਦਕਿ ਇੰਗਲੈਂਡ ਲਈ ਬੇਨ ਸਟੋਕਸ ਨੇ ਚਾਰ ਵਿਕਟਾਂ ਲਈਆਂ ਸੀ। ਇੰਗਲੈਂਡ ਨੇ ਦੂਜੀ ਪਾਰੀ ‘ਚ ਮੈਚ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ। ਇੰਗਲੈਂਡ ਨੇ ਆਪਣੀ ਦੂਜੀ ਪਾਰੀ ‘ਚ 313 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਦੇ ਸਾਹਮਣੇ ਜਿੱਤ ਲਈ 200 ਦੌੜਾਂ ਦਾ ਟੀਚਾ ਰੱਖਿਆ। ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਟੀਮ ਨੇ ਆਪਣੀਆਂ ਤਿੰਨ ਵਿਕਟਾਂ ਸਿਰਫ 27 ਦੌੜਾਂ ‘ਤੇ ਗੁਆ ਦਿੱਤੀਆਂ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਦੀ ਟੀਮ ਚਾਹ ਦੇ ਸਮੇਂ ਤੱਕ ਹੀ ਮੈਚ ਆਪਣੇ ਨਾਮ ਕਰਲਵੇਗੀ।
ਪਰ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ, ਬਲੈਕਵੁੱਡ ਨੇ ਚੇਜ਼ ਨਾਲ ਚੌਥੇ ਵਿਕਟ ਲਈ 73 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਹਾਲਾਂਕਿ ਚੇਜ਼ 37 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਬਲੈਕਵੁੱਡ ਨੇ ਪੰਜਵੇਂ ਵਿਕਟ ਲਈ ਡਾਉਰਿਚ ਨਾਲ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟੋਕਸ ਨੇ ਡਾਉਰਿਚ ਨੂੰ 20 ਦੌੜਾਂ ‘ਤੇ ਆਊਟ ਕਰਕੇ ਇੰਗਲੈਂਡ ਨੂੰ ਮੈਚ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਵੈਸਟਇੰਡੀਜ਼ ਦੀ ਟੀਮ ਜਿੱਤ ਤੋਂ ਸਿਰਫ 11 ਦੌੜਾਂ ਦੂਰ ਸੀ, ਤਾਂ ਬਲੈਕਵੁੱਡ 95 ਦੌੜਾਂ ਬਣਾ ਕੇ ਆਊਟ ਹੋ ਗਿਆ। ਜੇ ਬਲੈਕਵੁੱਡ 5 ਹੋਰ ਦੌੜਾਂ ਬਣਾਉਣ ‘ਚ ਕਾਮਯਾਬ ਹੁੰਦਾ, ਤਾਂ ਇਹ ਉਸ ਦੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਹੋਣਾ ਸੀ। ਹਾਲਾਂਕਿ ਕਪਤਾਨ ਹੋਲਡਰ ਨੇ ਨਾਬਾਦ 14 ਦੌੜਾਂ ਦੀ ਪਾਰੀ ਖੇਡਦਿਆਂ ਵੈਸਟਇੰਡੀਜ਼ ਨੂੰ ਜਿੱਤ ਦਿਵਾਈ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਆਖਰੀ ਦਿਨ ਮੈਚ ਨੂੰ ਉਨ੍ਹਾਂ ਦੀ ਪਕੜ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਇੰਗਲੈਂਡ ਲਈ ਆਰਚਰ ਨੇ ਤਿੰਨ, ਸਟੋਕਸ ਨੇ ਦੋ ਅਤੇ ਵੁੱਡ ਨੇ ਇੱਕ ਵਿਕਟ ਲਈ। ਸੀਰੀਜ਼ ਦੇ ਆਖਰੀ ਦੋ ਮੈਚ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿੱਚ ਖੇਡੇ ਜਾਣਗੇ।