Former hockey player ravinderpal singh : ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਅਤੇ ਮਾਸਕੋ ਓਲੰਪਿਕ 1980 ਦੇ ਸੋਨ ਤਗਮਾ ਜੇਤੂ ਰਵਿੰਦਰ ਪਾਲ ਸਿੰਘ ਨੇ ਲੱਗਭਗ ਦੋ ਹਫਤਿਆਂ ਤੱਕ ਕੋਰੋਨਾ ਦੀ ਲਾਗ ਨਾਲ ਲੜਨ ਤੋਂ ਬਾਅਦ ਸ਼ਨੀਵਾਰ ਸਵੇਰੇ ਲਖਨਊ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 60 ਸਾਲ ਸੀ। ਰਵਿੰਦਰ ਪਾਲ ਸਿੰਘ ਨੂੰ 24 ਅਪ੍ਰੈਲ ਨੂੰ ਵਿਵੇਕਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਹ ਕੋਰੋਨਾ ਦੀ ਲਾਗ ਤੋਂ ਠੀਕ ਹੋ ਗੁਏ ਸੀ ਅਤੇ ਟੈਸਟ ਦੇ ਨੈਗੇਟਿਵ ਆਉਣ ਤੋਂ ਬਾਅਦ ਉਹ ਕੋਰੋਨਾ ਵਾਰਡ ਤੋਂ ਬਾਹਰ ਸਨ। ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਅਚਾਨਕ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ।
1984, ਲਾਸ ਏਂਜਲਸ ਓਲੰਪਿਕ ਖੇਡਣ ਵਾਲੇ ਰਵਿੰਦਰ ਪਾਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਉਸ ਦੀ ਇੱਕ ਭਤੀਜੀ ਪ੍ਰਗਿਆ ਯਾਦਵ ਹੈ। ਉਨ੍ਹਾਂ ਨੇ 1979 ਜੂਨੀਅਰ ਵਰਲਡ ਕੱਪ ਵੀ ਖੇਡਿਆ ਅਤੇ ਹਾਕੀ ਛੱਡਣ ਤੋਂ ਬਾਅਦ ਉਨ੍ਹਾਂ ਨੇ ਸਟੇਟ ਬੈਂਕ ਤੋਂ ਸਵੈਇੱਛੁਕ ਰਿਟਾਇਰਮੈਂਟ ਲੈ ਲਈ ਸੀ। ਸੀਤਾਪੁਰ ਵਿੱਚ ਜੰਮੇ, ਸੈਂਟਰ ਹਾਫ਼ ਰਵਿੰਦਰ ਪਾਲ ਸਿੰਘ ਨੇ 1979 ਤੋਂ 1984 ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਦੋ ਓਲੰਪਿਕ ਤੋਂ ਇਲਾਵਾ, ਉਨ੍ਹਾਂ ਨੇ 1980 ਅਤੇ 1983 ਵਿੱਚ ਚੈਂਪੀਅਨਜ਼ ਟਰਾਫੀ, 1982 ਵਰਲਡ ਕੱਪ ਅਤੇ 1982 ਦਾ ਏਸ਼ੀਆ ਕੱਪ ਵੀ ਖੇਡਿਆ ਸੀ।