ਵਨਡੇ ਵਿਸ਼ਵ ਕੱਪ 2023 ਵਿੱਚ ਦੀਵਾਲੀ ਮੌਕੇ ਅੱਜ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ । ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਤੇ ਟਾਸ ਦੁਪਹਿਰ 1:30 ਵਜੇ ਹੋਵੇਗਾ । ਦੋਵੇਂ ਟੀਮਾਂ ਲੀਗ ਪੜਾਅ ਦਾ 45ਵਾਂ ਅਤੇ ਆਖਰੀ ਮੈਚ ਖੇਡਣਗੀਆਂ । ਟੀਮ ਇੰਡੀਆ ਟੂਰਨਾਮੈਂਟ ਵਿੱਚ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਟੀਮ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਵਿੱਚ ਲਗਾਤਾਰ 9 ਮੈਚ ਜਿੱਤਣਾ ਚਾਹੇਗੀ । ਉੱਥੇ ਹੀ ਦੂਜੇ ਪਾਸੇ ਨੀਦਰਲੈਂਡ ਅੱਜ ਦਾ ਮੈਚ ਜਿੱਤ ਕੇ 2025 ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਾ ਚਾਹੇਗਾ।
ਮੇਜ਼ਬਾਨ ਅਤੇ ਟੇਬਲ ਟਾਪਰ ਭਾਰਤ ਟੂਰਨਾਮੈਂਟ ਦੀ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ 8 ਮੈਚਾਂ ਵਿੱਚ 8 ਜਿੱਤੇ ਹਨ ਅਤੇ ਹੁਣ 9ਵੇਂ ਮੈਚ ਵਿੱਚ ਨੀਦਰਲੈਂਡ ਨਾਲ ਭਿੜੇਗੀ। ਟੀਮ ਇੰਡੀਆ 16 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਸਿਖਰ ‘ਤੇ ਹੈ ਪਰ ਨੀਦਰਲੈਂਡ 10ਵੇਂ ਨੰਬਰ ‘ਤੇ ਹੈ। ਡੱਚ ਟੀਮ 8 ਮੈਚਾਂ ਵਿੱਚੋਂ ਸਿਰਫ 2 ਹੀ ਮੈਚ ਜਿੱਤ ਸਕੀ, ਟੀਮ ਦੇ ਸਿਰਫ 4 ਅੰਕ ਹਨ । ਭਾਰਤ ਅਤੇ ਨੀਦਰਲੈਂਡ ਵਿਚਾਲੇ ਹੁਣ ਤੱਕ ਸਿਰਫ ਦੋ ਵਨਡੇ ਖੇਡੇ ਗਏ ਹਨ। ਭਾਰਤ ਨੇ ਦੋਨੋਂ ਵਾਰ ਜਿੱਤ ਦਰਜ ਕੀਤੀ ਅਤੇ ਦੋਵੇਂ ਮੈਚ ਵਿਸ਼ਵ ਕੱਪ ਵਿੱਚ ਖੇਡੇ ਗਏ। 2003 ਵਿੱਚ ਭਾਰਤ ਨੇ 68 ਦੌੜਾਂ ਨਾਲ ਅਤੇ 2011 ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ
ਵਨਡੇ ਵਿਸ਼ਵ ਕੱਪ ਵਿੱਚ ਭਾਰਤ ਨੇ ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਟੀਮ ਨੇ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਨੂੰ ਵੀ ਹਰਾਇਆ । ਟੀਮ ਨੇ ਦੱਖਣੀ ਅਫਰੀਕਾ ਖਿਲਾਫ ਮੈਚ 243 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ । ਅੱਜ ਦਾ ਮੈਚ ਜਿੱਤ ਕੇ ਟੀਮ ਟੂਰਨਾਮੈਂਟ ਵਿੱਚ ਆਪਣਾ ਲਗਾਤਾਰ 9ਵਾਂ ਮੈਚ ਜਿੱਤੇਗੀ ਅਤੇ 18 ਅੰਕਾਂ ਨਾਲ ਅੰਕ ਸੂਚੀ ਵਿੱਚ ਨੰਬਰ-1 ‘ਤੇ ਹੀ ਰਹੇਗੀ ।
ਕੁਆਲੀਫਾਇਰ ਸਟੇਜ ਰਾਹੀਂ ਵਿਸ਼ਵ ਕੱਪ ਵਿੱਚ ਪ੍ਰਵੇਸ਼ ਕਰਨ ਵਾਲੀ ਡੱਚ ਟੀਮ ਨੇ ਟੂਰਨਾਮੈਂਟ ਵਿੱਚ 2 ਮੈਚ ਜਿੱਤੇ । ਟੀਮ ਨੇ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਹਾਲਾਂਕਿ ਟੀਮ ਆਪਣੀ ਫਾਰਮ ਨੂੰ ਜਾਰੀ ਨਹੀਂ ਰੱਖ ਸਕੀ ਅਤੇ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਨੀਦਰਲੈਂਡ ਇਸ ਸਮੇਂ ਅੰਕ ਸੂਚੀ ਵਿੱਚ 10ਵੇਂ ਨੰਬਰ ‘ਤੇ ਹੈ ਅਤੇ ਅੱਜ ਦਾ ਮੈਚ ਜਿੱਤ ਕੇ ਟੀਮ 6 ਅੰਕਾਂ ਨਾਲ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਥਾਂ ਪੱਕੀ ਕਰ ਸਕਦੀ ਹੈ। ਪਰ ਜੇਕਰ ਨੀਦਰਲੈਂਡ ਇਹ ਮੈਚ ਹਾਰ ਜਾਂਦਾ ਹੈ ਤਾਂ ਟੀਮ 2025 ਦੇ ਆਈਸੀਸੀ ਟੂਰਨਾਮੈਂਟ ਵਿੱਚ ਥਾਂ ਨਹੀਂ ਬਣਾ ਸਕੇਗੀ।
ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ਦੀ ਪਿੱਚ ਹਮੇਸ਼ਾ ਬੱਲੇਬਾਜ਼ੀ ਲਈ ਫ੍ਰੈਂਡਲੀ ਰਹੇਗੀ । ਅੱਜ ਵੀ ਮੈਚ ਵਿੱਚ ਕਾਫੀ ਦੌੜਾਂ ਬਣਦੀਆਂ ਨਜ਼ਰ ਆ ਸਕਦੀਆਂ ਹਨ । ਇੱਥੇ ਇਸ ਵਿਸ਼ਵ ਕੱਪ ਦਾ ਪੰਜਵਾਂ ਅਤੇ ਆਖਰੀ ਮੈਚ ਖੇਡਿਆ ਜਾਵੇਗਾ। ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੁਣ ਤੱਕ ਖੇਡੇ ਗਏ 30 ਵਨਡੇ ਮੈਚਾਂ ਵਿੱਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ 15 ਮੈਚ ਜਿੱਤੇ ਹਨ । 12 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਵੀ ਜਿੱਤ ਦਰਜ ਕੀਤੀ। ਇਸ ਵਿੱਚੋਂ ਇੱਕ ਮੈਚ ਟਾਈ ਰਿਹਾ, ਜਦਕਿ 2 ਮੈਚ ਵੀ ਬੇਨਤੀਜਾ ਰਹੇ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ/ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ/ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ/ਸ਼ਾਰਦੁਲ ਠਾਕੁਰ।
ਨੀਦਰਲੈਂਡਜ਼: ਸਕਾਟ ਐਡਵਰਡਜ਼ (ਕਪਤਾਨ ਅਤੇ ਵਿਕਟਕੀਪਰ), ਵੇਜਲੀ ਬਾਰੇਸੀ, ਮੈਕਸ ਓ’ਡੌਡ, ਕਾਲਿਨ ਐਕਰਮੈਨ, ਸਾਈਬ੍ਰੈਂਡ ਏਂਗਲਬ੍ਰੈਕਟ, ਬਾਸ ਡੀ ਲੀਡੇ, ਤੇਜਾ ਨਿਦਾਮਨੁਰੂ, ਲਾਗਨ ਵਾਨ ਬੀਕ, ਰੂਲੋਫ ਵਾਨ ਡਰ ਮੇਰਵੇ, ਆਰੀਅਨ ਦੱਤ, ਪਾਲ ਵੈਨ ਮੀਕਰਨ।
ਵੀਡੀਓ ਲਈ ਕਲਿੱਕ ਕਰੋ : –