ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਤਿਰੂਵਨੰਤਪੁਰਮ ਵਿਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ।ਤੇਜ਼ੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ 106 ਦੌੜਾਂ ਦੇ ਸਕੋਰ ‘ਤੇ ਸੀਮਿਤ ਕਰ ਦਿੱਤਾ ਸੀ। ਅਰਸ਼ਦੀਪ ਨੇ 3, ਦੀਪਕ ਚਾਹਰ ਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ। 107 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਰੋਹਿਤ ਸ਼ਰਮਾ ਨੂੰ ਕੈਗਿਸੋ ਰਬਾਡਾ ਨੇ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਕਰ ਦਿੱਤਾ।
ਇਸ ਦੇ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਇਸ ਮੈਚ ਵਿੱਚ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਸਿਰਫ 3 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੀ ਪਾਰੀ ਨੂੰ ਸੂਰਿਆਕੁਮਾਰ ਯਾਦਵ (50) ਅਤੇ ਕੇਐਲ ਰਾਹੁਲ (51) ਨੇ ਸੰਭਾਲਿਆ ਅਤੇ ਭਾਰਤੀ ਟੀਮ ਨੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਸੂਰਿਆਕੁਮਾਰ ਯਾਦਵ ਨੇ 50 ਦੌੜਾਂ ਦੀ ਸ਼ਾਨਦਾਰ ਪਾਰੀ ਵਿੱਚ 5 ਚੌਕੇ ਅਤੇ 3 ਛੱਕੇ ਲਗਾਏ। ਸੂਰਿਆਕੁਮਾਰ ਤੋਂ ਇਲਾਵਾ ਕੇਐੱਲ ਰਾਹੁਲ ਨੇ ਵੀ 51 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਤੇ ਚਾਰ ਛੱਕੇ ਲਾਏ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ
ਭਾਰਤ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਟੀਮ ਨੇ ਆਪਣੀਆਂ ਪਹਿਲੀਆਂ 2 ਵਿਕਟਾਂ ਸਿਰਫ ਇੱਕ ਦੌੜ ‘ਤੇ ਗੁਆ ਦਿੱਤੀਆਂ । ਟੀਮ ਨੂੰ ਪਹਿਲਾ ਝਟਕਾ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਦੱਖਣੀ ਅਫ਼ਰੀਕਾ ਦੇ ਕਪਤਾਨ ਬਾਵੁਮਾ ਦੇ ਰੂਪ ਵਿੱਚ ਦਿੱਤਾ । ਇਸ ਦੇ ਨਾਲ ਹੀ ਅਗਲੇ ਹੀ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ।
ਦੱਸ ਦੇਈਏ ਕਿ 2 ਵਿਕਟਾਂ ਤੋਂ ਬਾਅਦ ਵੀ ਦੱਖਣੀ ਅਫ਼ਰੀਕਾ ਦੀ ਪਾਰੀ ਸੰਭਲ ਨਹੀਂ ਸਕੀ ਅਤੇ ਟੀਮ ਨੇ 9 ਦੇ ਸਕੋਰ ਤੱਕ ਪਹੁੰਚਦੇ ਹੋਏ 5 ਵਿਕਟਾਂ ਗੁਆ ਦਿੱਤੀਆਂ । ਦਰਅਸਲ, ਅਫਰੀਕੀ ਟੀਮ ਨੂੰ ਤੀਜਾ ਝਟਕਾ ਅਰਸ਼ਦੀਪ ਸਿੰਘ ਨੇ ਰਾਇਲੀ ਰੂਸੋ ਦੇ ਰੂਪ ਵਿੱਚ ਅਤੇ ਚੌਥਾ ਝਟਕਾ ਡੇਵਿਡ ਮਿਲਰ ਦੇ ਰੂਪ ਵਿੱਚ ਦਿੱਤਾ। ਇਸ ਦੇ ਨਾਲ ਹੀ ਟੀਮ ਨੂੰ ਪੰਜਵਾਂ ਝਟਕਾ ਦੀਪਕ ਚਾਹਰ ਨੇ ਟ੍ਰਿਸਟਨ ਸਟੱਬਸ ਦੇ ਰੂਪ ਵਿੱਚ ਦਿੱਤਾ । ਪੰਜ ਵਿਕਟਾਂ ਦੇ ਡਿੱਗਣ ਤੋਂ ਬਾਅਦ ਮਾਰਕਰਮ ਅਤੇ ਪਾਰਨੇਲ ਨੇ ਦੱਖਣੀ ਅਫ਼ਰੀਕੀ ਟੀਮ ਦੀ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 40 ਤੋਂ ਪਾਰ ਲੈ ਗਏ । ਹਾਲਾਂਕਿ 42 ਦੇ ਸਕੋਰ ‘ਤੇ ਏਡਨ ਮਾਰਕਰਮ ਨੂੰ ਹਰਸ਼ਲ ਪਟੇਲ ਨੇ ਆਊਟ ਕੀਤਾ । ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 41 ਦੌੜਾਂ, ਏਡਨ ਮਾਰਕਰਮ ਨੇ 25 ਅਤੇ ਵੇਨ ਪਾਰਨੇਲ ਨੇ 24 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਅਫਰੀਕੀ ਟੀਮ 106 ਦੌੜਾਂ ਤੱਕ ਪਹੁੰਚ ਸਕੀ। ਜਿਸ ਨੂੰ ਭਾਰਤੀ ਟੀਮ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: