ਭਾਰਤੀ ਕ੍ਰਿਕਟ ਟੀਮ ਨੇ ਤਿੰਨ ਦਿਨਾਂ ਵਿੱਚ ਦੂਜੀ ਵਾਰ ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦਿੱਤੀ ਹੈ। ਪਹਿਲਾਂ ਪੁਰਸ਼ ਟੀਮ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ 2024 ਵਿੱਚ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਹੁਣ ਭਾਰਤੀ ਮਹਿਲਾ ਟੀਮ ਨੇ ਟੈਸਟ ਮੈਚ ਵਿੱਚ ਅਫਰੀਕੀ ਮਹਿਲਾ ਟੀਮ ਨੂੰ ਹਰਾ ਕੇ ਕਰਾਰੀ ਹਾਰ ਦਿੱਤੀ ਹੈ। ਦਰਅਸਲ, ਭਾਰਤੀ ਅਤੇ ਦੱਖਣੀ ਅਫਰੀਕਾ ਮਹਿਲਾ ਟੀਮਾਂ ਦੇ ਵਿਚਾਲੇ ਮਹਿਜ਼ ਇੱਕ ਟੈਸਟ ਮੈਚ ਚੇੱਨਈ ਵਿੱਚ ਖੇਡਿਆ ਗਿਆ। ਇਹ 4 ਦਿਨਾਂ ਟੈਸਟ ਮੈਚ 28 ਜੂਨ ਨੂੰ ਸ਼ੁਰੂ ਹੋਇਆ ਸੀ, ਜਿਸਦੇ ਆਖਰੀ ਦਿਨ ਯਾਨੀ ਕਿ 1 ਜੁਲਾਈ ਨੂੰ ਭਾਰਤੀ ਟੀਮ ਨੇ ਸਫਲਤਾ ਹਾਸਿਲ ਕੀਤੀ ਤੇ 10 ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ।
ਅਫਰੀਕਾ ਨੂੰ ਦੂਜੀ ਪਾਰੀ ਵਿੱਚ 373 ਦੌੜਾਂ ‘ਤੇ ਆਊਟ ਕਰਨ ਦੇ ਬਾਅਦ ਭਾਰਤ ਨੂੰ ਜਿੱਤ ਦੇ ਲਈ 37 ਦੌੜਾਂ ਦਾ ਆਸਾਨ ਟੀਚਾ ਮਿਲਿਆ ਜੋ ਮੇਜ਼ਬਾਨ ਨੇ ਬਿਨ੍ਹਾਂ ਕੋਈ ਵਿਕਟ ਗਵਾਏ 9.2 ਓਵਰ ਵਿੱਚ ਹਾਸਿਲ ਕਰ ਲਿਆ। ਭਾਰਤ ਨੇ ਪਹਿਲੀ ਪਾਰੀ 6 ਵਿਕਟਾਂ ‘ਤੇ 603 ਦੌੜਾਂ ‘ਤੇ ਘੋਸ਼ਿਤ ਕੀਤੀ ਸੀ। ਭਾਰਤ ਦੇ ਲਈ ਸਲਾਮੀ ਬੱਲੇਬਾਜ਼ ਸ਼ੁਭਾ ਸਤੀਸ਼ ਨੇ ਨਾਬਾਦ 13 ਅਤੇ ਸ਼ੇਫਾਲੀ ਵਰਮਾ ਨੇ ਨਾਬਾਦ 24 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। / ਭਾਰਤ ਨੇ ਇਸ ਤੋਂ ਪਹਿਲਾਂ ਸਾਲ 2022 ਵਿੱਚ ਪਾਰਲ ਵਿੱਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ।
ਦੱਸ ਦੇਈਏ ਕਿ ਪਹਿਲੀ ਪਾਰੀ ਵਿੱਚ 266 ਦੌੜਾਂ ‘ਤੇ ਆਊਟ ਹੋਣ ਦੇ ਬਾਅਦ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੌਰਾ ਵੋਲਵਾਰਟ ਨੇ 314 ਗੇਂਦਾਂ ਵਿੱਚ 122 ਤੇ ਸੁਨੇ ਲੁਸ ਨੇ 203 ਗੇਂਦਾਂ ਵਿੱਚ 109 ਦੌੜਾਂ ਬਣਾਈਆਂ। 2 ਵਿਕਟਾਂ ਦੇ ਨੁਕਸਾਨ ‘ਤੇ 232 ਦੌੜਾਂ ਤੋਂ ਅੱਗੇ ਖੇਡਦੇ ਹੋਏ ਵੋਲਵਾਰਟ ਤੇ ਮਰਿਯਾਨੇ ਕਾਪ ਨੇ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਵੋਲਵਾਰਟ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਜੜਿਆ ਤੇ ਇੱਕ ਹੀ ਸਾਲ ਵਿੱਚ ਟੈਸਟ, ਵਨਡੇ ਤੇ ਟੀ-20 ਵਿੱਚ ਸੈਂਕੜਾ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ।
ਕਾਪ ਨੂੰ ਦੀਪਤੀ ਸ਼ਰਮਾ ਨੇ 31 ਦੇ ਸਕੋਰ ‘ਤੇ LBW ਆਊਟ ਕੀਤਾ। ਉੱਥੇ ਹੀ ਸਨੇਹਾ ਰਾਣਾ ਨੇ ਡੇਲਮੀ ਟਕਰ ਨੂੰ ਖਾਤਾ ਖੋਲ੍ਹੇ ਬਿਨ੍ਹਾਂ ਪਵੇਲੀਅਨ ਭੇਜਿਆ। ਵੋਲਵਾਰਟ 122 ਦੇ ਸਕੋਰ ‘ਤੇ ਰਾਜੇਸ਼ਵਰੀ ਗਾਇਕਵਾੜ ਦੀਆਂ ਗੇਂਦਾਂ ‘ਤੇ LBW ਆਊਟ ਹੋਈ। ਡਿ ਕਲੇਰਕ ਤੇ ਮਸਾਬਾਟਾ ਕਲਾਸ ਨੇ 23 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਇਆ।
ਵੀਡੀਓ ਲਈ ਕਲਿੱਕ ਕਰੋ -: