ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਰੋਮਾਂਚ ਨਾਲ ਭਰਪੂਰ ਰਿਹਾ। ਇਸ ਰੋਮਾਂਚਕ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਨੇ 2-0 ਨਾਲ ਸੀਰੀਜ਼ ਆਪਣੇ ਨਾਮ ਕਰ ਲਈ। ਭਾਰਤ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕਲੀਨ ਸਵੀਪ ਕੀਤਾ ਹੈ। ਭਾਰਤ ਵਿਸ਼ਵ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ ‘ਤੇ ਦੂਜੇ ਸਥਾਨ ‘ਤੇ ਹੈ। ਭਾਰਤ ਦੇ ਇਸ ਟੇਬਲ ਵਿੱਚ 58.93 ਅੰਕ ਹਨ। ਇਸਦੇ ਨਾਲ ਹੀ ਆਸਟ੍ਰੇਲੀਆ 76.92% ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਮੁਕਾਬਲੇ ਦੇ ਚੌਥੇ ਦਿਨ ਯਾਨੀ ਕਿ ਐਤਵਾਰ ਨੂੰ ਭਾਰਤੀ ਟੀਮ ਨੇ ਸ਼੍ਰੇਅਸ-ਅਸ਼ਵਿਨ ਦੀ ਅਰਧ-ਸੈਂਕੜੇ ਵਾਲੀ ਸਾਂਝੇਦਾਰੀ ਦੇ ਸਹਾਰੇ ਜਿੱਤ ਦੇ ਲਈ ਜ਼ਰੂਰੀ ਦੌੜਾਂ 7 ਵਿਕਟਾਂ ‘ਤੇ ਹੀ ਬਣਾ ਦਿੱਤੀਆਂ। ਦੋਹਾਂ ਖਿਡਾਰੀਆਂ ਨੇ 8ਵੀਂ ਵਿਕਟ ਲਈ ਨਾਬਾਦ 71 ਦੌੜਾਂ ਜੋੜੀਆਂ।
ਦੱਸ ਦੇਈਏ ਕਿ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ ਸਥਿਤੀ ਚੌਥੇ ਦਿਨ ਅਜਿਹੀ ਹੋ ਗਈ ਸੀ ਕਿ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਬੰਗਲਾਦੇਸ਼ ਇਹ ਮੁਕਾਬਲਾ ਆਸਾਨੀ ਨਾਲ ਜਿੱਤ ਜਾਵੇਗਾ। ਚੌਥੇ ਦਿਨ ਭਾਰਤ ਨੇ ਆਪਣੀਆਂ 7 ਵਿਕਟਾਂ ਸਿਰਫ਼ 74 ਦੌੜਾਂ ‘ਤੇ ਗੁਆ ਦਿੱਤੀਆਂ ਸਨ। ਇਸ ਸਤੋਂ ਬਾਅਦ ਸ਼੍ਰੇਅਸ ਅਈਅਰ ਤੇ ਆਰ ਅਸ਼ਵਿਨ ਨੇ ਕਮਾਲ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਵਿੱਚ ਅਸ਼ਵਿਨ ਨੇ 42 ਤੇ ਸ਼੍ਰੇਅਸ ਅਈਅਰ ਨੇ 29 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਇਹ ਵੀ ਪੜ੍ਹੋ: ਪੰਜਾਬ ‘ਚ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਤੇ ਰਾਤ, ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ
ਗੌਰਤਲਬ ਹੈ ਕਿ ਹੁਣ ਤੱਕ ਭਾਰਤੀ ਟੀਮ ਨੇ ਬੰਗਲਾਦੇਸ਼ ਦੇ ਖਿਲਾਫ਼ ਮੀਰਪੁਰ ਟੈਸਟ ਤੋਂ ਪਹਿਲਾਂ 12 ਮੁਕਾਬਲੇ ਖੇਡੇ ਸਨ। ਦੋਹਾਂ ਦੇਸ਼ਾਂ ਦੇ ਟੈਸਟ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਭਾਰਤ ਹਾਵੀ ਰਿਹਾ। ਬੰਗਲਾਦੇਸ਼ ਦੀ ਟੀਮ ਨੂੰ ਪਿਛਲੇ 12 ਮੁਕਾਬਲਿਆਂ ਵਿੱਚ ਕਦੇ ਵੀ ਜਿੱਤ ਦਾ ਸਵਾਦ ਲੈਣ ਦਾ ਮੌਕਾ ਨਹੀਂ ਮਿਲਿਆ। ਸਾਲ 2000 ਤੋਂ ਲੈ ਕੇ 2022 ਤੱਕ ਬੰਗਲਾਦੇਸ਼ ਵਿੱਚ ਭਾਰਤੀ ਟੀਮ ਨੇ 9 ਟੈਸਟ ਮੈਚ ਖੇਡੇ ਸਨ। 7 ਮੈਚਾਂ ਵਿੱਚ ਟੀਮ ਇੰਡੀਆ ਨੂੰ ਜਿੱਤ ਮਿਲੀ ਸੀ, ਜਦਕਿ 2 ਮੁਕਾਬਲਿਆਂ ਨੂੰ ਬੰਗਲਾਦੇਸ਼ ਦੀ ਟੀਮ ਡਰਾਅ ਕਰਵਾਉਣ ਵਿੱਚ ਕਾਮਯਾਬ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: