ਟੀਮ ਇੰਡੀਆ ਨੇ ਬੰਗਲਾਦੇਸ਼ ਦੇ ਖਿਲਾਫ਼ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 188 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਦੋ ਮੁਕਾਬਲਿਆਂ ਦੀ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਨੇ ਬੰਗਲਾਦੇਸ਼ ਤੋਂ ਲਗਾਤਾਰ ਚੌਥਾ ਟੈਸਟ ਮੈਚ ਜਿੱਤਿਆ ਹੈ। ਟੀਮ ਅੱਜ ਤੱਕ ਬੰਗਲਾਦੇਸ਼ ਤੋਂ ਇੱਕ ਵੀ ਟੈਸਟ ਮੈਚ ਨਹੀਂ ਹਾਰੀ ਹੈ। ਐਤਵਾਰ ਨੂੰ ਚਟਗਾਂਵ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਚੌਥੀ ਪਾਰੀ ਵਿੱਚ 324 ਦੌੜਾਂ ‘ਤੇ ਆਲਆਊਟ ਕਰ ਦਿੱਤਾ। ਭਾਰਤ ਵੱਲੋਂ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 3-3 ਵਿਕਟਾਂ ਲਈਆਂ। ਮੁਹੰਮਦ ਸਿਰਾਜ, ਉਮੇਸ਼ ਯਾਦਵ ਤੇ ਰਵੀਚੰਦਰਨ ਅਸ਼ਵਿਨ ਨੂੰ 1-1 ਵਿਕਟ ਮਿਲੀ।
ਐਤਵਾਰ ਨੂੰ ਭਾਰਤ ਵੱਲੋਂ ਦਿੱਤੇ ਗਏ 513 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਬੰਗਲਾਦੇਸ਼ ਨੂੰ ਉਸਦੀ ਦੂਜੀ ਪਾਰੀ ਵਿੱਚ 324 ਦੌੜਾਂ ‘ਤੇ ਆਲਆਊਟ ਕਰ ਦਿੱਤਾ। ਮੇਜ਼ਬਾਨ ਟੀਮ ਵੱਲੋਂ ਕਪਤਾਨ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਉਨ੍ਹਾਂ ਦੇ ਆਊਟ ਹੁੰਦਿਆਂ ਹੀ ਟੀਮ ਆਲਆਊਟ ਹੋ ਗਈ। ਉਮੇਸ਼ ਯਾਦਵ ਨੇ ਸ਼ਾਂਤੋਂ ਦੇ ਰੂਪ ਵਿੱਚ ਪਹਿਲੀ ਵਿਕਟ ਹਾਸਿਲ ਕੀਤੀ। ਬੰਗਲਾਦੇਸ਼ ਵੱਲੋਂ ਪਹਿਲਾ ਟੈਸਟ ਮੈਚ ਖੇਡ ਰਹੇ ਜਾਕਿਰ ਕੇ ਸੈਂਕੜਾ ਲਗਾਇਆ। ਸੈਂਕੜਾ ਲਗਾਉਣ ਤੋਂ ਬਾਅਦ ਅਸ਼ਵਿਨ ਨੇ ਜਾਕਿਰ ਨੂੰ ਆਊਟ ਕੀਤਾ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’
ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਆਲ ਆਊਟ ਕਰਨ ਦੇ ਬਾਅਦ ਭਾਰਤ ਨੇ ਪਹਿਲੀ ਪਾਰੀ ਦੇ ਆਧਾਰ ‘ਤੇ 254 ਦੌੜਾਂ ਬੜ੍ਹਤ ਹਾਸਿਲ ਕੀਤੀ। ਦੂਜੀ ਪਾਰੀ ਵਿੱਚ ਕੇਐੱਲ ਰਾਹੁਲ ਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਦੋਹਾਂ ਵਿਚਾਲੇ ਪਹਿਲੀ ਵਿਕਟ ਦੇ ਲਈ 70 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ 23 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਸ਼ੁਭਮਨ ਗਿੱਲ ਨੇ ਸੈਂਕੜਾ ਪੂਰਾ ਕੀਤਾ। ਆਊਟ ਹੋਣ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ 152 ਗੇਂਦਾਂ ‘ਤੇ 110 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਪੁਜਾਰਾ ਨੇ 52 ਪਾਰੀਆਂ ਦੇ ਬਾਅਦ ਟੈਸਟ ਕ੍ਰਿਕਟ ਵਿੱਚ ਸੈਂਕੜਾ ਪੂਰਾ ਕੀਤਾ। ਭਾਰਤ ਨੇ 258 ਦੌੜਾਂ ਦੇ ਸਕੋਰ ‘ਤੇ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਭਾਰਤ ਨੇ ਇਸ ਪਾਰੀ ਵਿੱਚ 512 ਦੌੜਾਂ ਦੀ ਬੜ੍ਹਤ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: