ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ। ਨਿਰੰਜਨ ਸ਼ਾਹ ਸਟੇਡੀਅਮ ਵਿੱਚ ਪਹਿਲੀ ਪਾਰੀ ਵਿੱਚ ਭਾਰਤ ਨੇ 445 ਤੇ ਇੰਗਲੈਂਡ ਨੇ 319 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤ ਦੇ ਲਈ 557 ਦੌੜਾਂ ਦਾ ਟੀਚਾ ਦਿੱਤਾ ਹੈ। ਫਿਲਹਾਲ ਚੌਥੇ ਦਿਨ ਦੇ ਦੂਜੇ ਸੈਸ਼ਨ ਦਾ ਖੇਡ ਜਾਰੀ ਹੈ। ਭਾਰਤ ਨੇ ਆਪਣੀ ਦੂਜੀ ਪਾਰੀ 430 ਦੌੜਾਂ ‘ਤੇ ਡਿਕਲੇਅਰ ਕਰ ਦਿੱਤੀ ਹੈ। ਜਿਸ ਵਿੱਚ ਯਸ਼ਸਵੀ ਜਾਇਸਵਾਲ 214 ਤੇ ਸਰਫਰਾਜ ਖਾਨ 68 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਤੋਂ ਇਲਾਵਾ ਸ਼ੁਭਮਨ ਗਿੱਲ 91 ਦੌੜਾਂ ਬਣਾ ਕੇ ਆਊਟ ਹੋਏ।
ਭਾਰਤ ਦੇ ਓਪਨਰ ਯਸ਼ਸਵੀ ਜਾਇਸਵਾਲ ਨੇ ਇਸ ਸੀਰੀਜ਼ ਵਿੱਚ ਲਗਾਤਾਰ ਦੂਜਾ ਦੋਹਰਾ ਸੈਂਕੜਾ ਲਗਾਇਆ ਹੈ। ਪਹਿਲੇ ਮੈਚ ਵਿੱਚ ਉਹ ਬੇਸ਼ੱਕ ਸਸਤੇ ਵਿੱਚ ਆਊਟ ਹੋ ਗਏ ਸਨ, ਪਰ ਇਸਦੇ ਬਾਅਦ ਵਿਸ਼ਾਖਾਪਟਨਮ ਤੇ ਹੁਣ ਰਾਜਕੋਟ ਵਿੱਚ ਉਨ੍ਹਾਂ ਨੇ ਲਗਾਤਾਰ ਦੂਜਾ ਦੋਹਰਾ ਸੈਂਕੜਾ ਲਗਾਇਆ ਹੈ। ਇਸ ਦੌਰਾਨ ਉਸਨੇ ਕਈ ਰਿਕਾਰਡਾਂ ਦੀ ਝੜੀ ਲਗਾਈ। ਯਸ਼ਸਵੀ ਜਾਇਸਵਾਲ ਨੇ 231 ਗੇਂਦਾਂ ਵਿੱਚ 14 ਚੁਕੇ ਤੇ 10 ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਲਗਾਇਆ। ਇਸ ਦੋਹਰੇ ਸੈਂਕੜੇ ਵਿੱਚ ਉਸਦਾ ਸਟ੍ਰਾਇਕ ਰੇਟ 86.58 ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਧੁੰਦ ਕਾਰਨ ਵਾਪਰਿਆ ਸੜਕ ਹਾ.ਦਸਾ, ਆਪਸ ‘ਚ ਟਕਰਾਏ 8 ਵਾਹਨ, ਹਾ.ਦਸੇ ‘ਚ 3 ਲੋਕ ਜ਼ਖਮੀ
ਦੱਸ ਦੇਈਏ ਕਿ ਜਾਇਸਵਾਲ ਇੱਕ ਟੈਸਟ ਸੀਰੀਜ਼ ਵਿੱਚ ਦੋ ਦੋਹਰੇ ਸੈਂਕੜੇ ਲਗਾਉਣ ਵਾਲੇ ਭਾਰਤ ਦੇ ਤੀਜੇ ਬੱਲੇਬਾਜ ਬਣ ਗਏ ਹਨ। ਯਸ਼ਸਵੀ ਜਾਇਸਵਾਲ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਵਿਸ਼ਵ ਰਿਕਾਰਡ ਵੀ ਬਣਾਉਣ ਵਿੱਚ ਸਫਲ ਹੋਏ ਹਨ। ਉਹ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣ ਗਏ ਹਨ। ਉਹ ਹੁਣ ਤੱਕ ਤਿੰਨ ਮੈਚਾਂ ਵਿੱਚ 20 ਛੱਕੇ ਇੰਗਲੈਂਡ ਦੇ ਖਿਲਾਫ਼ ਲਗਾ ਚੁੱਕੇ ਹਨ। ਹੁਣ ਤੱਕ ਇਹ ਰਿਕਾਰਡ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਮ ਦਰਜ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ਼ ਇੱਕ ਸੀਰੀਜ਼ ਵਿੱਚ 19 ਛੱਕੇ ਲਗਾਏ ਸਨ।