ਏਸ਼ੀਆ ਕੱਪ ਦਾ ਪੰਜਵਾਂ ਮੈਚ ਅੱਜ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਕੈਂਡੀ ਦੇ ਖੇਡਿਆ ਜਾਵੇਗਾ । ਮੁਕਾਬਲੇ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ । ਮੈਚ ਲਈ ਟਾਸ ਦੁਪਹਿਰ 2:30 ਵਜੇ ਹੋਵੇਗਾ । ਕ੍ਰਿਕਟ ਇਤਿਹਾਸ ਵਿੱਚ ਭਾਰਤ ਅਤੇ ਨੇਪਾਲ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਦੋਹਾਂ ਦਾ ਸਾਹਮਣਾ ਨਹੀਂ ਹੋਇਆ ਹੈ। ਦੋਹਾਂ ਟੀਮਾਂ ਦਾ ਏਸ਼ੀਆ ਕੱਪ 2023 ਵਿੱਚ ਇਹ ਦੂਜਾ ਮੈਚ ਹੋਵੇਗਾ । ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਇਆ ਸੀ, ਜੋ ਮੀਂਹ ਕਾਰਨ ਬੇਨਤੀਜਾ ਰਿਹਾ ਸੀ। ਇਸ ਦੇ ਨਾਲ ਹੀ ਨੇਪਾਲ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਇਆ ਸੀ, ਜਿਸ ਵਿੱਚ ਟੀਮ ਨੂੰ 238 ਦੌੜਾਂ ਨਾਲ ਹਾਰ ਮਿਲੀ ਸੀ।
ਭਾਰਤੀ ਟੀਮ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਹੈ । ਟੀਮ ਸੱਤ ਵਾਰ ਏਸ਼ੀਆ ਕੱਪ ਦੀ ਚੈਂਪੀਅਨ ਰਹੀ ਹੈ. ਇਸ ਵਿੱਚ 6 ਵਾਰ ਵਨਡੇ ਅਤੇ ਇੱਕ ਵਾਰ ਟੀ-20 ਟੂਰਨਾਮੈਂਟ ਦੀ ਟਰਾਫੀ ਸ਼ਾਮਿਲ ਹੈ। ਉੱਥੇ ਹੀ ਨੇਪਾਲ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇਪਾਲ ਖਿਲਾਫ ਮੈਚ ਨਹੀਂ ਖੇਡਣਗੇ । ਉਹ ਪਰਿਵਾਰਕ ਕਾਰਨਾਂ ਕਰਕੇ ਮੁੰਬਈ ਪਰਤ ਆਏ ਹਨ। ਉਥੇ ਹੀ ਜੇਕਰ ਭਾਰਤੀ ਬੱਲੇਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੁਭਮਨ ਗਿੱਲ ਸਾਲ 2023 ਵਿੱਚ ਵਨਡੇ ਕ੍ਰਿਕਟ ਵਿੱਚ ਭਾਰਤ ਦੇ ਟਾਪ ਸਕੋਰਰ ਰਹੇ ਹਨ । ਗਿੱਲ ਨੇ 12 ਮੈਚਾਂ ਵਿੱਚ 760 ਦੌੜਾਂ ਬਣਾਈਆਂ । ਉੱਥੇ ਹੀ ਕੁਲਦੀਪ ਯਾਦਵ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ, ਉਨ੍ਹਾਂ ਨੇ 11 ਮੈਚਾਂ ਵਿੱਚ 22 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ
ਅੱਜ ਦੇ ਮੁਕਾਬਲੇ ਲਈ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੱਲੇਕੇਲੇ ਵਿੱਚ ਸੋਮਵਾਰ ਨੂੰ ਦੁਪਹਿਰ ਦੇ ਸਮੇਂ ਬੱਦਲ ਛਾਏ ਰਹਿਣਗੇ। ਬਾਰਿਸ਼ ਦੇ 89 ਫ਼ੀਸਦੀ ਆਸਾਰ ਹਨ। ਇੱਥੋਂ ਦਾ ਤਾਪਮਾਨ 21 ਤੋਂ 27 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਪੱਲਕੇਲੇ ਦੀ ਪਿੱਚ ਬੱਲੇਬਾਜ਼ੀ ਦੇ ਲਈ ਵਧੀਆ ਹੈ। ਪੱਲਕੇਲੇ ਦੀ ਪਿੱਚ ਸ਼ੁਰੂਆਤ ਵਿੱਚ ਸਪੀਡ ਦੇਵੇਗੀ ਤੇ ਤੇਜ਼ ਗੇਂਦਬਾਜ਼ਾਂ ਨੂੰ ਉਛਾਲ ਦੇਵੇਗੀ। ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਇਸ ਨਾਲ ਸਪਿਨ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੇਗੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ(ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ(ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ,ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ।
ਨੇਪਾਲ: ਰੋਹਿਤ ਪੌਡੇਲ(ਕਪਤਾਨ), ਕੁਸ਼ਲ ਭੁਰਤੇਲ, ਅਰਜੁਨ ਸੌਦ, ਆਸਿਫ਼ ਸ਼ੇਖ, ਦੀਪੇਂਦ੍ਰ ਸਿੰਘ ਐਰੀ, ਭੀਮ ਸ਼ਾਰਕੀ, ਕਰਣ ਕੇਸੀ, ਕੁਸ਼ਲ ਮਾਲਾ, ਸੰਦੀਪ ਲਾਮਿਛਾਨੇ, ਲਲਿਤ ਰਾਜਬੰਸ਼ੀ ਤੇ ਗੁਲਸ਼ਨ ਝਾ।
ਵੀਡੀਓ ਲਈ ਕਲਿੱਕ ਕਰੋ -: