ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਦੇ ਦਮ ‘ਤੇ ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾਇਆ । ਨਿਊਜ਼ੀਲੈਂਡ ਲਈ ਮਾਈਕਲ ਬ੍ਰੇਸਵੇਲ ਨੇ 78 ਗੇਂਦਾਂ ‘ਤੇ 140 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ । ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ । ਇਸ ਫਾਰਮੈਟ ਵਿੱਚ ਭਾਰਤੀ ਟੀਮ 4 ਸਾਲ ਬਾਅਦ ਨਿਊਜ਼ੀਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਰਹੀ ਹੈ। ਇਸ ਤੋਂ ਪਹਿਲਾਂ 2019 ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ । ਇਸ ਤੋਂ ਬਾਅਦ 8 ਮੈਚ ਖੇਡੇ ਗਏ, ਪਰ ਟੀਮ ਇੰਡੀਆ ਜਿੱਤ ਨਹੀਂ ਸਕੀ।
ਇਸ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਬੁੱਧਵਾਰ ਨੂੰ ਹੈਦਰਾਬਾਦ ਵਿੱਚ 50 ਓਵਰਾਂ ਵਿੱਚ 8 ਵਿਕਟਾਂ ‘ਤੇ 349 ਦੌੜਾਂ ਬਣਾਈਆਂ । ਗਿੱਲ ਨੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ । ਉਹ 149 ਗੇਂਦਾਂ ਵਿੱਚ 208 ਦੌੜਾਂ ਬਣਾ ਕੇ ਆਊਟ ਹੋ ਗਏ । ਗਿੱਲ ਨੇ ਹਾਰਦਿਕ ਪੰਡਯਾ (28 ਦੌੜਾਂ), ਸੂਰਿਆਕੁਮਾਰ ਯਾਦਵ (31 ਦੌੜਾਂ) ਅਤੇ ਰੋਹਿਤ ਸ਼ਰਮਾ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ । ਉਸ ਨੇ ਪੰਡਯਾ ਨਾਲ 5ਵੀਂ ਵਿਕਟ ਲਈ 74 ਦੌੜਾਂ, ਸੂਰਿਆ ਨਾਲ ਚੌਥੀ ਵਿਕਟ ਲਈ 65 ਦੌੜਾਂ ਅਤੇ ਰੋਹਿਤ ਨਾਲ ਪਹਿਲੀ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਪੰਜਾਬ ਸਣੇ ਉੱਤਰ ਭਾਰਤ ‘ਚ ਇਸ ਦਿਨ ਤੋਂ ਘਟੇਗੀ ਕੜਾਕੇ ਦੀ ਠੰਡ, 5 ਡਿਗਰੀ ਵਧੇਗਾ ਪਾਰਾ
ਇਸਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 49.2 ਓਵਰਾਂ ਵਿੱਚ 337 ਦੌੜਾਂ ਹੀ ਬਣਾ ਸਕੀ । ਮਾਈਕਲ ਬ੍ਰੇਸਵੇਲ ਨੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ, ਜਦਕਿ ਮਿਸ਼ੇਲ ਸੈਂਟਨਰ (57 ਦੌੜਾਂ) ਨੇ ਤੀਜਾ ਅਰਧ ਸੈਂਕੜਾ ਲਗਾਇਆ । ਇਨ੍ਹਾਂ ਦੋਵਾਂ ਨੇ 7ਵੀਂ ਵਿਕਟ ਲਈ 162 ਦੌੜਾਂ ਦੀ ਸਾਂਝੇਦਾਰੀ ਕੀਤੀ । ਨਿਊਜ਼ੀਲੈਂਡ ਦੀ ਟੀਮ ਇੱਕ ਸਮੇਂ 131 ਦੌੜਾਂ ‘ਤੇ ਛੇ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ।
ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਮੈਚ ਆਸਾਨੀ ਨਾਲ ਜਿੱਤ ਲਵੇਗੀ ਪਰ ਇੱਥੋਂ ਮਾਈਕਲ ਬਰੈਸਵੇਲ ਅਤੇ ਮਿਸ਼ੇਲ ਸੈਂਟਨਰ ਨੇ ਪਾਰੀ ਨੂੰ ਸੰਭਾਲਿਆ । ਦੋਵਾਂ ਨੇ ਸੱਤਵੀਂ ਵਿਕਟ ਲਈ 102 ਗੇਂਦਾਂ ‘ਤੇ 162 ਦੌੜਾਂ ਦੀ ਸਾਂਝੇਦਾਰੀ ਕੀਤੀ । ਸੈਂਟਨਰ 45 ਗੇਂਦਾਂ ‘ਤੇ 57 ਦੌੜਾਂ ਬਣਾ ਕੇ ਆਊਟ ਹੋ ਗਏ। ਆਖਰੀ ਓਵਰ ਵਿੱਚ ਨਿਊਜ਼ੀਲੈਂਡ ਨੂੰ ਜਿੱਤ ਲਈ 20 ਦੌੜਾਂ ਬਣਾਉਣੀਆਂ ਸਨ । ਬਰੈਸਵੈਲ ਨੇ ਸ਼ਾਰਦੁਲ ਠਾਕੁਰ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ । ਸ਼ਾਰਦੁਲ ਨੇ ਫਿਰ ਵਾਈਡ ਗੇਂਦ ਸੁੱਟੀ । ਇਸ ਤੋਂ ਬਾਅਦ ਅਗਲੀ ਗੇਂਦ ‘ਤੇ ਬਰੈਸਵੇਲ ਨੂੰ LBW ਕਰ ਦਿੱਤਾ ਅਤੇ ਟੀਮ ਇੰਡੀਆ ਜਿੱਤ ਗਈ । ਬਰੈਸਵੈਲ ਨੇ 78 ਗੇਂਦਾਂ ‘ਤੇ 140 ਦੌੜਾਂ ਬਣਾਈਆਂ । ਉਨ੍ਹਾਂ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 10 ਛੱਕੇ ਲਗਾਏ।
ਵੀਡੀਓ ਲਈ ਕਲਿੱਕ ਕਰੋ -: