ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਤੋਂ ਕੇਪ ਟਾਊਨ ਵਿੱਚ ਖੇਡਿਆ ਜਾਵੇਗਾ। ਨਿਊਲੈਂਡਸ ਮੈਦਾਨ ਵਿੱਚ ਮੁਕਾਬਲਾ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ਦੇ ਲਈ ਟਾਸ 1.30 ਵਜੇ ਹੋਵਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਨੂੰ ਸੀਰੀਜ਼ ਡਰਾਅ ਕਰਵਾਉਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੋਨੋਂ ਹੀ ਟੀਮਾਂ ਦੇ ਲਈ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੇ ਲਿਹਾਜ਼ ਨਾਲ ਵੀ ਅਹਿਮ ਹੈ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਕੁੱਲ 15 ਟੈਸਟ ਸੀਰੀਜ਼ ਖੇਡੀਆਂ ਗਈਆਂ। ਜਿਸ ਵਿੱਚੋਂ 4 ਸੀਰੀਜ਼ ਵਿੱਚ ਭਾਰਤ ਜਿੱਤਿਆ ਤੇ 8 ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਮਿਲੀ ਤੇ 3 ਸੀਰੀਜ਼ ਡਰਾਅ ਰਹੀਆਂ। ਦੋਨੋਂ ਟੀਮਾਂ ਵਿਚਾਲੇ ਓਵਰਆਲ 43 ਟੈਸਟ ਖੇਡੇ ਗਏ। ਭਾਰਤ ਨੇ 15 ਤੇ ਦੱਖਣੀ ਅਫਰੀਕਾ ਨੇ 18 ਮੁਕਾਬਲੇ ਜਿੱਤੇ, ਜਦਕਿ 10 ਟੈਸਟ ਡਰਾਅ ਰਹੇ। ਭਾਰਤੀ ਟੀਮ ਤਿੰਨੋਂ ਫਾਰਮੈਟ ਦੀ ਸੀਰੀਜ਼ ਦੇ ਲਈ ਦੱਖਣੀ ਅਫਰੀਕਾ ਦੌਰੇ ‘ਤੇ ਹੈ। ਇਸਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਈ। ਤਿੰਨਾਂ ਮੈਚਾਂ ਦੀ ਇਹ ਸੀਰੀਜ਼ ਡਰਾਅ ਰਹੀ। ਇਸਦੇ ਬਾਅਦ ਵਨਡੇ ਸੀਰੀਜ਼ ਖੇਡੀ ਗਈ, ਜੋ ਟੀਮ ਇੰਡੀਆ ਨੇ 2-1 ਨਾਲ ਆਪਣੇ ਨਾਮ ਕੀਤੀ। ਅੱਜ ਇਸ ਦੌਰੇ ਦਾ ਆਖਰੀ ਮੁਕਾਬਲਾ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਦੱਸ ਦੇਈਏ ਕਿ ਕੇਪ ਟਾਊਨ ਸਟੇਡੀਅਮ ਦੀ ਪਿਚ ਗੇਂਦਬਾਜ਼ੀ ਦੇ ਅਨੁਕੂਲ ਮੰਨੀ ਜਾਂਦੀ ਹੈ। ਨਿਊਲੈਂਡਸ ਸਟੇਡੀਅਮ ਵਿੱਚ ਕੁੱਲ 59 ਟੈਸਟ ਮੈਚ ਖੇਡੇ ਗਏ। ਇਸ ਪਿਚ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 23 ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 25 ਮੈਚ ਜਿੱਤੇ ਹਨ, ਜਦਕਿ 11 ਮੈਚ ਡਰਾਅ ਵੀ ਰਹੇ। ਟੀਮ ਇੰਡੀਆ ਨੂੰ ਕੇਪ ਟਾਊਨ ਦੇ ਨਿਊਲੈਂਡਸ ਸਟੇਡੀਅਮ ਵਿੱਚ ਪਹਿਲੀ ਜਿੱਤ ਦੀ ਤਲਾਸ਼ ਹੈ। ਟੀਮ ਨੇ ਇੱਥੇ 6 ਟੈਸਟ ਖੇਡੇ, ਜਿਸ ਵਿੱਚੋਂ 4 ਵਿੱਚ ਹਾਰ ਮਿਲੀ ਤੇ ਮਹਿਜ਼ 2 ਮੁਆਬਲੇ ਡਰਾਅ ਰਹੇ। ਭਾਰਤ ਨੇ 2 ਟੈਸਟ ਮਹਿੰਦਰ ਸਿੰਘ ਧੋਨੀ ਤੇ ਮੁਹੰਮਦ ਅਜਹਰੂਦੀਨ ਦੀ ਕਪਤਾਨੀ ਵਿੱਚ ਡਰਾਅ ਕਰਵਾਏ। ਟੀਮ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ 2 ਵਾਰ ਹਾਰ ਮਿਲੀ, ਜਦਕਿ ਇੱਕ-ਇੱਕ ਵਾਰ ਰਾਹੁਲ ਦ੍ਰਵਿੜ ਤੇ ਸਚਿਨ ਤੇਂਦੁਲਕਰ ਦੀ ਕਪਤਾਨੀ ਵਿੱਚ ਵੀ ਟੀਮ ਨੂੰ ਹਾਰ ਮਿਲੀ। ਭਾਰਤ ਨੇ ਇੱਥੇ ਆਪਣਾ ਆਖਰੀ ਟੈਸਟ ਮੈਚ 2022 ਵਿੱਚ ਖੇਡਿਆ ਸੀ, ਜਿਸ ਵਿੱਚ ਉਸਨੂੰ 7 ਵਿਕਟਾਂ ਨਾਲ ਹਾਰ ਮਿਲੀ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ(ਕਪਤਾਨ), ਯਸ਼ਸਵੀ ਜਾਇਸਵਾਲਮ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਰਵੀਚੰਦਰਨ ਅਸ਼ਵਿਨ,ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ/ਆਵੇਸ਼ ਖਾਨ।
ਦੱਖਣੀ ਅਫਰੀਕਾ: ਡੀਨ ਐਲਗਰ (ਕਪਤਾਨ), ਐਡਨ ਮਾਰਕਰਮ, ਟੋਨੀ ਡੀ ਜਾਰਜੀ, ਕੀਗਨ ਪੀਟਰਸਨ, ਡੇਵਿਡ ਬੇਡਿੰਘਮ, ਕਾਇਲ ਵੇਰਿਯਨ(ਵਿਕਟਕੀਪਰ), ਮਾਰਕੋ ਯਾਨਸਨ, ਕਗਿਸੋ ਰਬਾਡਾ, ਕੇਸ਼ਵ ਮਹਾਰਾਜ, ਲੂੰਗੀ ਐਨਗਿਡੀ ਤੇ ਨਾਂਦਰੇ ਬਰਗਰ।
ਵੀਡੀਓ ਲਈ ਕਲਿੱਕ ਕਰੋ –