ਟੀਮ ਇੰਡੀਆ ਨੇ ਅੱਜ ਹੀ ਦੇ ਦਿਨ 2011 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਵਨਡੇ ਵਿਸ਼ਵ ਕੱਪ ਦਾ ਦੂਜਾ ਖਿਤਾਬ ਜਿੱਤਿਆ ਸੀ। ਐੱਮਐੱਸ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਵਨਡੇ ਵਿਸ਼ਵ ਕੱਪ 2011 ਦੇ ਖਿਤਾਬ ‘ਤੇ ਆਪਣਾ ਨਾਮ ਲਿਖਵਾਇਆ ਸੀ। ਗੌਤਮ ਗੰਭੀਰ ਦੀ 97 ਤੇ ਕਪਤਾਨ ਧੋਨੀ ਦੀ 91 ਦੌੜਾਂ ਦੀ ਪਾਰੀ ਨੇ ਟੀਮ ਨੂੰ ਖ਼ਿਤਾਬੀ ਮੁਕਾਬਲਾ ਜਿਤਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ।
ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਧੋਨੀ ਦਾ ਵਿਨਿੰਗ ਸਿਕਸ ਅੱਜ ਵੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਤੇ ਦਿਮਾਗ ਵਿੱਚ ਹੈ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ 28 ਸਾਲ ਦਾ ਸੋਕਾ ਖਤਮ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਵਨਡੇ ਵਿਸ਼ਵ ਕੱਪ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਜਿੱਤਿਆ ਸੀ। ਫਿਰ 2011 ਵਿੱਚ ਧੋਨੀ ਦੇ ਧੁਰੰਦਰਾਂ ਨੇ 28 ਸਾਲ ਬਾਅਦ ਇਤਿਹਾਸ ਦੁਹਰਾਉਂਦੇ ਹੋਏ ਭਾਰਤ ਦੀ ਝੋਲੀ ਵਿੱਚ ਵਨਡੇ ਵਿਸ਼ਵ ਕੱਪ ਦੀ ਦੂਜੀ ਟ੍ਰਾਫੀ ਪਾਈ ਸੀ। ਦੱਸ ਦੇਈਏ ਕਿ ਖ਼ਿਤਾਬੀ ਮੁਕਾਬਲੇ ਵਿੱਚ ਕਪਤਾਨ ਧੋਨੀ ਨੂੰ ‘ਪਲੇਅਰ ਆਫ ਦ ਮੈਚ’ ਦੇ ਖਿਤਾਬ ਨਾਲ ਨਵਾਜ਼ਿਆ ਗਿਆ ਸੀ, ਜਦਕਿ ਯੁਵਰਾਜ ਸਿੰਘ ‘ਪਲੇਅਰ ਆਫ਼ ਦ ਸੀਰੀਜ਼’ ਬਣੇ ਸਨ। ਇਹ ਵਿਸ਼ਵ ਕੱਪ ਦਾ ਖਿਤਾਬ ਸਾਰਿਆਂ ਲਈ ਯਾਦਗਾਰ ਹੈ।
ਇਹ ਵੀ ਪੜ੍ਹੋ: ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ, ਸਪੀਕਰ ਵੱਲੋਂ MLA ਅਹੁਦੇ ਦਾ ਅਸਤੀਫ਼ਾ ਨਾਮਨਜ਼ੂਰ
ਦੱਸ ਦੇਈਏ ਕਿ ਵਾਨਖੇੜੇ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਪਹਿਲਾਂ ਬੱਲੇਬਾਜ਼ੀ ਦੇ ਲਈ ਉਤਰੀ ਸੀ ਤੇ ਉਨ੍ਹਾਂ ਨੇ 50 ਓਵਰ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 274 ਦੌੜਾਂ ਬੋਰਡ ‘ਤੇ ਲਗਾਈਆਂ ਸਨ। ਟੀਮ ਦੇ ਲਈ ਮਹੇਲਾ ਜਯਵਰਧਨੇ ਨੇ 88 ਗੇਂਦਾਂ ਵਿੱਚ 13 ਚੌਕਿਆਂ ਦੀ ਮਦਦ ਨਾਲ 103 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸੰਗਾਕਾਰਾ ਨੇ 67 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਸਨ।
ਜਿਸ ਤੋਂ ਬਾਅਦ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 48.2 ਓਵਰਾਂ ਵਿੱਚ ਜਿੱਤ ਆਪਣੇ ਨਾਮ ਕਰ ਲਈ ਸੀ। ਟੀਮ ਦੇ ਲਈ ਗੌਤਮ ਗੰਭੀਰ ਨੇ 122 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ 97 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ। ਇਸਦੇ ਇਲਾਵਾ ਧੋਨੀ ਨੇ 79 ਗੇਂਦਾਂ ਵਿੱਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਨਾਬਾਦ ਦੌੜਾਂ ਬਣਾਈਆਂ ਸਨ। ਧੋਨੀ ਦੇ ਨਾਲ ਯੁਵਰਾਜ ਸਿੰਘ 24 ਗੇਂਦਾਂ ਦੀ ਮਦਦ ਨਾਲ 21 ਦੌੜਾਂ ਬਣਾ ਕੇ ਨਾਬਾਦ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: