Indian cricketers can play before IPL: ਟੀਮ ਇੰਡੀਆ ਦੇ ਪ੍ਰਸ਼ੰਸਕ ਜਲਦੀ ਹੀ ਆਪਣੇ ਖਿਡਾਰੀਆਂ ਨੂੰ ਮੈਦਾਨ ‘ਤੇ ਉਤਰਦੇ ਵੇਖ ਸਕਦੇ ਹਨ। ਹੁਣ ਤੱਕ ਦੇ ਸ਼ਡਿਉਲ ਦੇ ਅਨੁਸਾਰ, ਭਾਰਤੀ ਕ੍ਰਿਕਟ ਟੀਮ ਨੇ ਦਸੰਬਰ ਵਿੱਚ ਆਸਟ੍ਰੇਲੀਆ ਦੇ ਖਿਲਾਫ ਇੱਕ ਟੈਸਟ ਸੀਰੀਜ਼ ਖੇਡਣੀ ਹੈ। ਪਰ ਹੁਣ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਯੂਏਈ ਵਿੱਚ ਆਈਪੀਐਲ ਤੋਂ ਠੀਕ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਤਿੰਨ ਮੈਚਾਂ ਦੀ ਟਵੰਟੀ-ਟਵੰਟੀ ਸੀਰੀਜ਼ ਖੇਡੀ ਜਾ ਸਕਦੀ ਹੈ। ਮਾਰਚ ਵਿੱਚ ਨਿਊਜ਼ੀਲੈਂਡ ਦੌਰੇ ਦੀ ਵਾਪਸੀ ਤੋਂ ਬਾਅਦ ਟੀਮ ਇੰਡੀਆ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕੀ ਹੈ। ਮਾਰਚ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਕੋਰੋਨਾ ਵਾਇਰਸ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸਦੇ ਬਾਅਦ, ਬੋਰਡ ਨੇ ਦਸੰਬਰ ਤੱਕ ਆਯੋਜਿਤ ਹੋਣ ਵਾਲੀਆਂ ਸਾਰੀਆਂ ਅੰਤਰ ਰਾਸ਼ਟਰੀ ਸੀਰੀਜ਼ ਨੂੰ ਰੱਦ ਕਰ ਦਿੱਤਾ ਸੀ। ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ, BCCI ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਅੰਤਰਰਾਸ਼ਟਰੀ ਸੀਰੀਜ਼ ਖੇਡਦਾ ਦੇਖਣਾ ਚਾਹੁੰਦਾ ਹੈ।
ਬੋਰਡ ਦੀ ਪਹਿਲੀ ਤਰਜੀਹ ਦੱਖਣੀ ਅਫਰੀਕਾ ਨਾਲ ਤਿੰਨ ਟੀ -20 ਮੈਚਾਂ ਦੀ ਲੜੀ ਖੇਡਣੀ ਹੈ। ਦੋਵੇਂ ਦੇਸ਼ਾਂ ਨੇ ਪਹਿਲਾਂ ਅਗਸਤ ‘ਚ ਤਿੰਨ ਮੈਚਾਂ ਦੀ ਸੀਰੀਜ਼ ਖੇਡਣੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕਿਉਂਕਿ ਆਈਪੀਐਲ ਸ਼ੁਰੂ ਹੋਣ ਵਿੱਚ ਅਜੇ ਦੋ ਮਹੀਨੇ ਬਾਕੀ ਹਨ, ਇਸ ਲਈ ਦੱਖਣੀ ਅਫਰੀਕਾ ਨਾਲ ਲੜੀ ਦਾ ਆਯੋਜਨ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਬੀਸੀਸੀਆਈ ਨੇ ਕ੍ਰਿਕਟਰਾਂ ਨੂੰ ਅਗਸਤ ਵਿੱਚ ਹੀ ਯੂਏਈ ਭੇਜਣ ਦਾ ਮਨ ਬਣਾ ਲਿਆ ਹੈ। ਬੀ.ਸੀ.ਸੀ.ਆਈ ਚਾਹੁੰਦਾ ਹੈ ਕਿ ਖਿਡਾਰੀ ਅਭਿਆਸ ਦੇ ਮਹੀਨੇ ਦੌਰਾਨ ਆਪਣੀ ਪੁਰਾਣੀ ਲੈਅ ਦੁਬਾਰਾ ਹਾਸਿਲ ਕਰ ਲੈਣ। ਹਾਲਾਂਕਿ, ਬੀਸੀਸੀਆਈ ਦਾ ਇਹ ਫੈਸਲਾ ਆਈਪੀਐਲ ਦੀ ਫਰੈਂਚਾਇਜ਼ੀ ਨੂੰ ਰਾਸ ਨਾ ਆਉਣ ਦੀ ਵੀ ਸੰਭਾਵਨਾ ਹੈ। ਫਰੈਂਚਾਇਜ਼ੀ ਟੂਰਨਾਮੈਂਟ ਲਈ ਆਪਣੇ ਖਿਡਾਰੀਆਂ ਦੀ ਤਿਆਰੀ ‘ਤੇ ਜ਼ੋਰ ਦੇਣਾ ਚਾਹੁੰਦੀ ਹੈ। ਫਰੈਂਚਾਇਜ਼ੀ ਚਾਹੁੰਦੀ ਹੈ ਕਿ ਖਿਡਾਰੀ ਆਈਪੀਐਲ ਤੋਂ ਪਹਿਲਾਂ ਕੁੱਝ ਅਭਿਆਸ ਮੈਚ ਖੇਡਣ। ਹਾਲਾਂਕਿ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।