ਹਾਕੀ ਇੰਡੀਆ ਨੇ ਆਖਿਰਕਾਰ ਪੈਰਿਸ ਓਲੰਪਿਕਸ 2024 ਲਈ 16 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਆਗਾਮੀ ਓਲੰਪਿਕ ਖੇਡਾਂ ਦਾ ਆਯੋਜਨ 26 ਜੁਲਾਈ ਤੋਂ 11 ਅਗਸਤ ਤੱਕ ਹੋਵੇਗਾ। ਇਸ ਟੀਮ ਦੀ ਕਪਤਾਨੀ ਦਾ ਜਿੰਮਾ ਹਰਮਨਪ੍ਰੀਤ ਸਿੰਘ ਸੰਭਾਲਣਗੇ ਜੋ ਤੀਜੀ ਵਾਰ ਓਲੰਪਿਕ ਖੇਡਾਂ ਵਿਚ ਖੇਡਦੇ ਹੋਏ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਨੇ ਟੋਕੀਓ ਵਿਚ ਹੋਏ ਸਾਲ 2020 ਦੇ ਓਲੰਪਿਕ ਖੇਡਾਂ ਵਿਚ ਕਾਂਸੇ ਦੇ ਤਮਗੇ ਨੂੰ ਆਪਣੇ ਨਾਂ ਕੀਤਾ ਸੀ। ਦੂਜੇ ਪਾਸੇ ਟੀਮ ਵਿਚ ਸ਼ਾਮਲ ਹੋਰ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ 6 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਓਲੰਪਿਕ ਵਿਚ ਖੇਡਣ ਦਾ ਮੌਕਾ ਮਿਲੇਗਾ।
ਪੈਰਿਸ ਓਲੰਪਿਕ 2024 ਲਈ ਐਲਾਨੀ ਗਈ ਭਾਰਤੀ ਹਾਕੀ ਟੀਮ ਵਿਚ ਗੋਲਕੀਪਰ ਦੀ ਜ਼ਿੰਮੇਵਾਰੀ ਅਨੁਭਵ ਖਿਡਾਰੀ ਪੀਆਰ ਸ਼੍ਰੀਜੇਸ਼ ਸੰਭਾਲਣਗੇ ਤਾਂ ਦੂਜੇ ਪਾਸੇ ਮਿਡਫੀਲਡਰ ਵਿਚ ਮਨਪ੍ਰੀਤ ਸਿੰਘ ਹੋਣਗੇ। ਹਰਮਨਪ੍ਰੀਤ ਸਿੰਘ ਤੋਂ ਇਲਾਵਾ ਡਿਫੈਂਸ ਵਿਚ ਜਿਹੜੇ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿਚ ਜਰਮਨਪ੍ਰੀਨ ਸਿੰਘ, ਅਮਿਤ ਰੋਹਿਦਾਸ, ਸੁਮਿਤ ਤੇ ਸੰਜੇ ਦਾ ਨਾਂ ਸ਼ਾਮਲ ਹੈ। ਫਾਰਵਰਡ ਖਿਡਾਰੀਆਂ ਵਿਚ ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਗੁਰਜੰਟ ਸਿੰਘ ਦਾ ਨਾਂ ਸ਼ਾਮਲ ਹੈ। ਟੀਮ ਇੰਡੀਆ ਨੂੰ ਆਗਾਮੀ ਓਲੰਪਿਕ ਗੇਮਸ ਵਿਚ ਪੂਲ ਬੀ ਵਿਚ ਜਗ੍ਹਾ ਮਿਲੀ ਹੈ ਜਿਸ ਵਿਚ ਪਿਛਲੀ ਵਾਰ ਗੋਲਡ ਮੈਡਲ ਜਿੱਤਣ ਵਾਲੀ ਬੈਲਜ਼ੀਅਮ ਦੀ ਟੀਮ ਤੋਂ ਇਲਾਵਾ ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਤੇ ਆਇਰਲੈਂਡ ਦੀ ਟੀਮ ਸ਼ਾਮਲ ਹੈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਫੋਟੋ ਤੇ ਵੀਡੀਓਗ੍ਰਾਫੀ ‘ਤੇ ਲੱਗਾ ਬੈਨ, ਫਿਲਮਾਂ ਦਾ ਵੀ ਨਹੀਂ ਹੋਵੇਗਾ ਪ੍ਰਮੋਸ਼ਨ
ਭਾਰਤੀ ਟੀਮ ਆਪਣੀ ਮੁਹਿੰਮ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਸ਼ੁਰੂ ਕਰੇਗੀ। ਇਸ ਦੇ ਬਾਅਦ 29 ਜੁਲਾਈ ਨੂੰ ਟੀਮ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ ਫਿਰ ਭਾਰਤ 30 ਜੁਲਾਈ ਨੂੰ ਆਇਰਲੈਂਡ ਨਾਲ, 1 ਅਗਸਤ ਨੂੰ ਬੈਲਜ਼ੀਅਮ ਤੇ 2 ਅਗਸਤ ਨੂੰ ਆਸਟ੍ਰੇਲੀਆ ਨਾਲ ਭਿੜੇਗੀ।