ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ । ਕੇਨ ਦੀ ਜਗ੍ਹਾ ਹੁਣ ਨਿਊਜ਼ੀਲੈਂਡ ਟੈਸਟ ਟੀਮ ਦੀ ਕਮਾਨ ਤਜਰਬੇਕਾਰ ਗੇਂਦਬਾਜ਼ ਟਿਮ ਸਾਊਦੀ ਸੰਭਾਲਦੇ ਨਜ਼ਰ ਆਉਣਗੇ । ਹਾਲਾਂਕਿ ਕੇਨ ਵਨਡੇ ਅਤੇ ਟੀ-20 ਫਾਰਮੈਟ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਜਾਰੀ ਰੱਖਣਗੇ।
ਨਿਊਜ਼ੀਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਨੂੰ ਲੈ ਕੇ ਕੇਨ ਵਿਲੀਅਮਸਨ ਨੇ ਕਿਹਾ ਕਿ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕਰਨ ਦਾ ਇਹ ਸਹੀ ਸਮਾਂ ਹੈ। ਮੈਂ ਟੈਸਟ ਟੀਮ ਦੀ ਕਪਤਾਨੀ ਕੀਤੀ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ । ਟੈਸਟ ਕ੍ਰਿਕਟ ਮੇਰੇ ਲਈ ਸਭ ਤੋਂ ਉੱਚੇ ਲੈਵਲ ਦੀ ਹੈ ਅਤੇ ਇਸ ਦੇ ਕਪਤਾਨ ਦੇ ਤੌਰ ‘ਤੇ ਚੁਣੌਤੀਆਂ ਦਾ ਮੈਂ ਆਨੰਦ ਲਿਆ । ਬਤੌਰ ਕਪਤਾਨ ਦੇ ਰੂਪ ਵਿੱਚ ਤੁਹਾਡਾ ਕੰਮ ਅਤੇ ਵਰਕਲੋਡ਼ ਵੱਧ ਜਾਂਦਾ ਹੈ। ਕਰੀਅਰ ਦੇ ਇਸ ਮੋੜ ‘ਤੇ ਆ ਕੇ ਮੈਨੂੰ ਲੱਗਿਆ ਇਹ ਸਹੀ ਸਮਾਂ ਹੈ ਕਿ ਮੈਂ ਟੈਸਟ ਕਪਤਾਨੀ ਛੱਡ ਦਵਾਂ।
ਕੇਨ ਵਿਲੀਅਮਸਨ ਨਿਊਜ਼ੀਲੈਂਡ ਦੇ ਮਹਾਨ ਟੈਸਟ ਕਪਤਾਨਾਂ ਵਿੱਚੋਂ ਇੱਕ ਹੈ । ਦਰਅਸਲ, ਕੇਨ ਦੀ ਕਪਤਾਨੀ ਵਿੱਚ ਹੀ ਕੀਵੀ ਟੀਮ ਨੇ ਭਾਰਤ ਨੂੰ ਹਰਾ ਕੇ ਪਹਿਲਾ ਟੈਸਟ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਸੀ । ਉੱਥੇ ਹੀ ਉਨ੍ਹਾਂ ਦੀ ਕਪਤਾਨੀ ਦੇ ਰਿਕਾਰਡ ‘ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਨੇ 38 ਟੈਸਟ ਮੈਚਾਂ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ ਹੈ। ਜਿਸ ਵਿੱਚ ਵਿਲੀਅਮਸਨ ਨੇ 22 ਵਾਰ ਟੀਮ ਨੂੰ ਜਿੱਤ ਦਿਵਾਈ ਅਤੇ 8 ਮੈਚ ਡਰਾਅ ਰਹੇ ।
ਦੱਸ ਦੇਈਏ ਕਿ ਕੇਨ ਵਿਲੀਅਮਸਨ ਦੇ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਤੋਂ ਬਾਅਦ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੂੰ ਨਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ। ਉਹ ਪਾਕਿਸਤਾਨ ਦੌਰੇ ‘ਤੇ ਟੈਸਟ ਸੀਰੀਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ । ਇਸ ਦੇ ਨਾਲ ਹੀ ਟੀਮ ਦੀ ਉਪ ਕਪਤਾਨੀ ਦੀ ਜ਼ਿੰਮੇਵਾਰੀ ਟਾਮ ਲੈਥਮ ਸੰਭਾਲਣਗੇ । ਦੱਸ ਦੇਈਏ ਕਿ ਟਿਮ ਸਾਊਦੀ ਨਿਊਜ਼ੀਲੈਂਡ ਟੀਮ ਦੇ 31ਵੇਂ ਟੈਸਟ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਟੀ-20 ਇੰਟਰਨੈਸ਼ਨਲ ਵਿੱਚ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: