ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ ) ਨੇ ਐਤਵਾਰ ਨੂੰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਂਕਟੇਸ਼ ਅਈਅਰ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਇਕਤਰਫਾ ਫਾਈਨਲ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤੀਜਾ ਖਿਤਾਬ ਜਿੱਤ ਲਿਆ।
ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ 2012 ਅਤੇ 2014 ਵਿੱਚ ਆਈਪੀਐਲ ਟਰਾਫੀ ਜਿੱਤੀ ਸੀ। ਹੁਣ ਗੁਰੂ ਗੰਭੀਰ ਨੇ ਕੁਸ਼ਲ ਰਣਨੀਤੀਕਾਰ ਵਜੋਂ ਕੇਕੇਆਰ ਨੂੰ ਤੀਜੀ ਟਰਾਫੀ ਦਿੱਤੀ। ਕੇਕੇਆਰ ਇਸ ਤਰ੍ਹਾਂ ਚੇਨਈ ਸੁਪਰ ਕਿੰਗਜ਼ ਭਾਵ ਸੀਐਸਕੇ (ਪੰਜ) ਅਤੇ ਮੁੰਬਈ ਇੰਡੀਅਨਜ਼ (ਪੰਜ) ਤੋਂ ਬਾਅਦ ਤਿੰਨ ਆਈਪੀਐਲ ਖ਼ਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ।
ਗੌਤਮ ਗੰਭੀਰ ਤੋਂ ਇਲਾਵਾ ਮੁੱਖ ਕੋਚ ਚੰਦਰਕਾਂਤ ਪੰਡਿਤ, ਜੋ ਰਣਜੀ ਟਰਾਫੀਆਂ ਜਿੱਤਣਾ ਜਾਣਦੇ ਹਨ, ਨੇ ਇਸ ਖਿਤਾਬ ਨੂੰ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸੀਜ਼ਨ ਦਾ ਸਭ ਤੋਂ ਵੱਧ ਸਕੋਰ (ਤਿੰਨ ਵਿਕਟਾਂ ‘ਤੇ 287 ਦੌੜਾਂ) ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਫਾਈਨਲ ‘ਚ ਹਾਰ ਗਈ ਅਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ 18.3 ਓਵਰਾਂ ‘ਚ ਸਿਰਫ਼ 113 ਦੌੜਾਂ ‘ਤੇ ਹੀ ਢੇਰ ਹੋ ਗਈ।
ਇਹ ਆਈਪੀਐਲ ਫਾਈਨਲ ਦਾ ਸਭ ਤੋਂ ਘੱਟ ਸਕੋਰ ਵੀ ਸੀ। ਇਸ ਸੀਜ਼ਨ ਵਿੱਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਣ ਵਾਲੇ ਕੇਕੇਆਰ ਨੇ ਵੈਂਕਟੇਸ਼ ਅਈਅਰ (ਅਜੇਤੂ 52 ਦੌੜਾਂ) ਅਤੇ ਰਹਿਮਾਨਉੱਲ੍ਹਾ ਗੁਰਬਾਜ਼ (39 ਦੌੜਾਂ) ਦੀ ਮਦਦ ਨਾਲ ਉਨ੍ਹਾਂ ਨੇ 10.3 ਓਵਰਾਂ ਵਿੱਚ ਦੋ ਵਿਕਟਾਂ ’ਤੇ 114 ਦੌੜਾਂ ਬਣਾ ਕੇ ਇਹ ਸਕੋਰ ਹਾਸਲ ਕੀਤਾ। ਵੈਂਕਟੇਸ਼ ਅਈਅਰ ਨੇ 26 ਗੇਂਦਾਂ ਵਿੱਚ ਚਾਰ ਚੌਕੇ ਤੇ ਤਿੰਨ ਛੱਕੇ ਜੜੇ ਜਦਕਿ ਗੁਰਬਾਜ਼ ਨੇ 32 ਗੇਂਦਾਂ ਵਿੱਚ ਪੰਜ ਚੌਕੇ ਤੇ ਦੋ ਛੱਕੇ ਲਾਏ। ਗੁਰਬਾਜ਼ ਨੇ ਸਟੰਪ ਦੇ ਪਿੱਛੇ ਤਿੰਨ ਸ਼ਾਨਦਾਰ ਕੈਚ ਵੀ ਲਏ।
ਕਪਤਾਨ ਦੇ ਤੌਰ ‘ਤੇ ਸ਼੍ਰੇਅਸ ਅਈਅਰ ਦਾ ਇਹ ਦੂਜਾ ਫਾਈਨਲ ਸੀ, ਉਸ ਨੇ ਤਿੰਨ ਗੇਂਦਾਂ ‘ਤੇ 6 ਅਜੇਤੂ ਦੌੜਾਂ ਬਣਾਈਆਂ। ਕੇਕੇਆਰ ਦੇ ਗੇਂਦਬਾਜ਼ ਹੀ ਇਸ ਦੀ ਜਿੱਤ ਦੇ ਹੀਰੋ ਰਹੇ, ਮਿਸ਼ੇਲ ਸਟਾਰਕ ਨੇ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਦੋ ਵਿਕਟਾਂ ਲੈ ਕੇ ਨਿਲਾਮੀ ਵਿੱਚ ਪ੍ਰਾਪਤ ਕੀਤੀ ਰਿਕਾਰਡ ਰਕਮ ਨੂੰ ਸਾਬਤ ਕੀਤਾ।ਆਂਦਰੇ ਰਸੇਲ ਨੇ 2.3 ਓਵਰਾਂ ‘ਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ ਚਾਰ ਓਵਰਾਂ ਵਿੱਚ ਇੱਕ ਮੇਡਨ ਦੇ ਕੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਕੇਕੇਆਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਸਨਰਾਈਜ਼ਰਸ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਖ਼ਰਾਬ ਰਹੀ, ਉਸ ਨੇ ਪਹਿਲੇ ਦੋ ਓਵਰਾਂ ਵਿੱਚ ਆਪਣੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (02) ਅਤੇ ਟ੍ਰੈਵਿਸ ਹੈੱਡ (0) ਦੀਆਂ ਵਿਕਟਾਂ ਗੁਆ ਕੇ ਸਕੋਰ ਨੂੰ ਦੋ ਓਵਰਾਂ ਵਿੱਚ ਦੋ ਵਿਕਟਾਂ ’ਤੇ ਛੇ ਦੌੜਾਂ ’ਤੇ ਛੱਡ ਦਿੱਤਾ।
ਇਹ ਵੀ ਪੜ੍ਹੋ : ਟਰਬੁਲੈਂਸ ‘ਚ ਫਸਿਆ ਕਤਰ ਏਅਰਵੇਜ਼ ਦਾ ਜਹਾਜ਼, 12 ਲੋਕ ਹੋਏ ਜ਼ਖਮੀ
ਸਟਾਰਕ ਨੇ ਪਹਿਲੇ ਹੀ ਓਵਰ ‘ਚ ਸ਼ਾਨਦਾਰ ਗੁਡ ਲੈਂਥ ਗੇਂਦ ਨਾਲ ਅਭਿਸ਼ੇਕ ਦਾ ਆਫ ਸਟੰਪ ਉਖਾੜ ਦਿੱਤਾ, ਜਦਕਿ ਅਗਲੇ ਓਵਰ ‘ਚ ਵੈਭਵ ਅਰੋੜਾ ਦੀ ਗੇਂਦ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਬਾਜ਼ ਦੇ ਹੱਥਾਂ ‘ਚ ਜਾ ਡਿੱਗੀ। ਹੈੱਡ ਪਿਛਲੇ ਚਾਰ ਮੈਚਾਂ ‘ਚ ਤਿੰਨ ਵਾਰ ਜ਼ੀਰੋ ‘ਤੇ ਆਊਟ ਹੋਏ ਹਨ। ਰਾਹੁਲ ਤ੍ਰਿਪਾਠੀ (09) ਵੀ ਸਟਾਰਕ ਦੀ ਗੇਂਦ ‘ਤੇ ਰਮਨਦੀਪ ਸਿੰਘ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ। ਪਾਵਰਪਲੇਅ ਖਤਮ ਹੋਣ ਤੱਕ ਸਨਰਾਈਜ਼ਰਸ ਹੈਦਰਾਬਾਦ ਦਾ ਸਕੋਰ ਤਿੰਨ ਵਿਕਟਾਂ ‘ਤੇ 40 ਦੌੜਾਂ ਸੀ।
ਹਰਸ਼ਿਤ ਰਾਣਾ ਨੇ ਨਿਤੀਸ਼ ਰੈਡੀ (13) ਅਤੇ ਰਸਲ ਨੇ ਏਡਨ ਮਾਰਕਰਮ (20) ਦੀਆਂ ਵਿਕਟਾਂ ਲਈਆਂ। ਹੇਨਰਿਕ ਕਲਾਸੇਨ (17 ਗੇਂਦਾਂ, 16 ਦੌੜਾਂ) ਨੂੰ ਰਾਣਾ ਨੇ ਆਊਟ ਕੀਤਾ, ਜਿਸ ਤੋਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਥੋੜਾ ਹਮਲਾਵਰ ਖੇਡਣ ਦੀ ਉਮੀਦ ਸੀ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੀਆਂ 2016 ਤੋਂ ਬਾਅਦ ਦੂਜਾ ਖਿਤਾਬ ਜਿੱਤਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ 62 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕੋਈ ਉਮੀਦ ਨਹੀਂ ਬਚੀ ਅਤੇ ਕਪਤਾਨ ਪੈਟ ਕਮਿੰਸ 24 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ।
ਵੀਡੀਓ ਲਈ ਕਲਿੱਕ ਕਰੋ -: