ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਗੋਲਡਨ ਬਾਲ ਜੇਤੂ ਲਿਓਨਲ ਮੈਸੀ ਨੇ ਸੰਨਿਆਸ ਨੂੰ ਲੈ ਕੇ ਇੱਕ ਵਾਰ ਫਿਰ ਆਪਣਾ ਮਨ ਬਦਲ ਲਿਆ ਹੈ। ਮੈਸੀ ਨੇ ਕਿਹਾ ਕਿ ਉਹ ਹੁਣ ਵਿਸ਼ਵ ਜੇਤੂ ਦੇ ਰੂਪ ਵਿੱਚ ਕੁਝ ਹੋਰ ਖੇਡਣਾ ਚਾਹੁੰਦੇ ਹਨ। ਦੱਸ ਦੇਈਏ ਕਿ ਪਹਿਲਾਂ ਮੈਸੀ ਨੇ ਕਿਹਾ ਸੀ ਕਿ ਕਤਰ ਵਿੱਚ ਇਹ ਟੂਰਨਾਮੈਂਟ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ ਤੇ ਉਹ ਇਸ ਫਾਈਨਲ ਨੂੰ ਆਖਰੀ ਮੈਚ ਦੇ ਰੂਪ ਵਿੱਚ ਖੇਡਣਗੇ।
ਮੈਸੀ ਦਾ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਕੇ ਵਿਚਾਰ ਬਦਲ ਗਿਆ ਹੈ। ਐਤਵਾਰ ਨੂੰ ਫਰਾਂਸ ‘ਤੇ 4-2 ਨਾਲ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪਾ ਕੇ ਮੈਸੀ ਨੇ ਕਿਹਾ ਕਿ ਮੈਂ ਇਸ ਟਰਾਫੀ ਨੂੰ ਅਰਜਨਟੀਨਾ ਲਿਜਾਣਾ ਚਾਹੁੰਦਾ ਹਾਂ ਤੇ ਬਾਕੀ ਸਾਰਿਆਂ ਦੇ ਨਾਲ ਇਸਦਾ ਆਨੰਦ ਲੈਣਾ ਚਾਹੁੰਦਾ ਹਾਂ। ਮੈਸੀ ਨੇ ਅੱਗੇ ਕਿਹਾ ਕਿ ਮੈਂ ਹਾਲੇ ਵਿਸ਼ਵ ਜੇਤੂ ਦੇ ਰੂਪ ਵਿੱਚ ਖੇਡਣਾ ਚਾਹੁੰਦਾ ਹਾਂ।
ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਖ਼ਿਤਾਬੀ ਮੁਕਾਬਲੇ ਵਿੱਚ ਲਿਓਨਲ ਮੈਸੀ ਦੀ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ 4-2 ਨਾਲ ਹਰਾ ਕੇ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ। ਇਸ ਮੈਚ ਵਿੱਚ ਗੋਲ ਦੀ ਹੈਟ੍ਰਿਕ ਬੇਸ਼ੱਕ ਫਰਾਂਸ ਦੇ ਐਨਬਾਪੇ ਨੇ ਮਾਰੀ, ਪਰ ਸੁਪਨਾ ਮੈਸੀ ਦਾ ਪੂਰਾ ਹੋਇਆ। ਮੈਸੀ ਨੇ ਆਪਣੇ ਆਖਰੀ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ 36 ਸਾਲ ਬਾਅਦ ਵਿਸ਼ਵ ਕੱਪ ਟਰਾਫੀ ਦਿਵਾਉਣ ਦਾ ਸੁਪਨਾ ਪੂਰਾ ਕਰ ਦਿਖਾਇਆ।
ਦੱਸ ਦੇਈਏ ਕਿ ਅਰਜਨਟੀਨਾ ਦੇ ਨਾਲ ਹੀ ਲਿਓਨਲ ਮੈਸੀ ਨੇ ਫਾਈਨਲ ਵਿੱਚ ਕਈ ਇਤਿਹਾਸ ਰਚੇ। ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਦੋ ਵਾਰ ਗੋਲਡਨ ਬਾਲ ਜਿੱਤ ਲਈ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਲਈ ਦਿੱਤੀ ਜਾਣ ਵਾਲੀ ਗੋਲਡਨ ਬਾਲ ਜਿੱਤਣ ਵਾਲੇ ਮੈਸੀ ਇੱਕਲੌਤੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 2014 ਵਿੱਚ ਜਰਮਨੀ ਤੋਂ ਹਾਰ ਦੇ ਬਾਵਜੂਦ ਮੈਸੀ ਨੂੰ ਉਸ ਵਿਸ਼ਵ ਕੱਪ ਵਿੱਚ ਗੋਲਡਨ ਬਾਲ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: