ਇੰਗਲਿਸ਼ ਆਲਰਾਊਂਡਰ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਇਸ ਖਿਡਾਰੀ ਨੇ ਆਪਣੇ 10 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ । 37 ਸਾਲ ਦੇ ਆਲਰਾਊਂਡਰ ਨੇ ਇਹ ਫੈਸਲਾ ਆਸਟ੍ਰੇਲੀਆ ਖਿਲਾਫ਼ ਵ੍ਹਾਈਟ ਬਾਲ ਸੀਰੀਜ਼ ਲਈ ਇੰਗਲਿਸ਼ ਟੀਮ ਵਿੱਚ ਮੌਕਾ ਨਾ ਮਿਲਣ ਤੋਂ ਬਾਅਦ ਲਿਆ ਹੈ।

Moeen Ali retires from international cricket
ਮੋਇਨ ਅਲੀ ਨੇ ਕਿਹਾ ਕਿ ਮੈਂ 37 ਸਾਲ ਦਾ ਹਾਂ ਅਤੇ ਮੈਨੂੰ ਇਸ ਮਹੀਨੇ ਆਸਟ੍ਰੇਲੀਆ ਖਿਲਾਫ਼ ਹੋਣ ਵਾਲੀ ਸੀਰੀਜ਼ ਲਈ ਨਹੀਂ ਚੁਣਿਆ ਗਿਆ । ਮੈਂ ਇੰਗਲੈਂਡ ਲਈ ਬਹੁਤ ਕ੍ਰਿਕਟ ਖੇਡੀ ਹੈ। ਹੁਣ ਅਗਲੀ ਪੀੜ੍ਹੀ ਦੇ ਲਈ ਸਮਾਂ ਆ ਗਿਆ ਹੈ, ਜਿਸ ਬਾਰੇ ਮੈਨੂੰ ਦੱਸਿਆ ਗਿਆ । ਮੈਨੂੰ ਲੱਗਿਆ ਕਿ ਇਹ ਸਹੀ ਸਮਾਂ ਹੈ । ਮੈਂ ਆਪਣਾ ਕੰਮ ਕਰ ਦਿੱਤਾ ਹੈ। ਮੋਇਨ ਨੇ ਕਿਹਾ ਕਿ ਮੈਨੂੰ ਇੰਗਲੈਂਡ ਲਈ ਖੇਡਣ ‘ਤੇ ਬਹੁਤ ਮਾਣ ਹੈ। ਜਦੋਂ ਤੁਸੀਂ ਪਹਿਲੀ ਵਾਰ ਇੰਗਲੈਂਡ ਲਈ ਖੇਡਦੇ ਹੋ, ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਕਿੰਨੇ ਮੈਚ ਖੇਡਣੇ ਹਨ। ਮੇਰੇ ਪਹਿਲੇ ਕੁਝ ਸਾਲ ਟੈਸਟ ਕ੍ਰਿਕਟ ਦੇ ਆਲੇ-ਦੁਆਲੇ ਹੀ ਬੀਤੇ।
ਮੋਇਨ ਨੇ ਕਿਹਾ ਹੈ ਕਿ ਉਹ ਫ੍ਰੈਂਚਾਇਜ਼ੀ ਕ੍ਰਿਕਟ ਖੇਡਦੇ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਮੈਂ ਫ੍ਰੈਂਚਾਇਜ਼ੀ ਕ੍ਰਿਕਟ ਖੇਡਦਾ ਰਹਾਂਗਾ, ਕਿਉਂਕਿ ਮੈਨੂੰ ਅਜੇ ਵੀ ਕ੍ਰਿਕਟ ਖੇਡਣਾ ਪਸੰਦ ਹੈ । ਪਰ ਕੋਚਿੰਗ ਅਜਿਹੀ ਚੀਜ਼ ਹੈ ਜੋ ਮੈਂ ਕਰਨਾ ਚਾਹਾਂਗਾ । ਮੈਂ ਸਭ ਤੋਂ ਵਧੀਆ ਕੋਚ ਬਣਨਾ ਚਾਹੁੰਦਾ ਹਾਂ। ਮੈਂ ਬ੍ਰੈਂਡਨ ਮੈਕੁਲਮ ਤੋਂ ਬਹੁਤ ਕੁਝ ਸਿੱਖਿਆ ਹੈ । ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਇੱਕ ਆਜ਼ਾਦ ਪਰਿੰਦੇ ਦੇ ਤੌਰ ‘ਤੇ ਯਾਦ ਰੱਖਣਗੇ।

Moeen Ali retires from international cricket
ਜ਼ਿਕਰਯੋਗ ਹੈ ਕਿ ਮੋਇਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ ਵਿੱਚ ਖੇਡਿਆ ਸੀ । ਗਿਆਨਾ ਵਿੱਚ ਭਾਰਤ ਦੇ ਖਿਲਾਫ ਖੇਡੇ ਗਏ ਇਸ ਸੈਮੀਫਾਈਨਲ ਮੈਚ ਵਿੱਚ ਇੰਗਲਿਸ਼ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਮੋਇਨ ਅਲੀ ਨੇ ਇੱਕ ਸਾਲ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਕੇ ਵਾਪਸੀ ਕੀਤੀ ਸੀ । ਉਸ ਸਮੇਂ ਉਹ ਜੈਕ ਲੀਚ ਦੀ ਥਾਂ ‘ਤੇ ਏਸ਼ੇਜ਼ ਸੀਰੀਜ਼ ਲਈ ਚੁਣੀ ਗਈ ਇੰਗਲਿਸ਼ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ । ਮੋਇਨ ਨੇ ਇਹ ਫੈਸਲਾ ਟੈਸਟ ਕਪਤਾਨ ਬੇਨ ਸਟੋਕਸ, ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਅਤੇ ਇੰਗਲੈਂਡ ਕ੍ਰਿਕਟ ਦੇ ਮੈਨੇਜਿੰਗ ਡਾਇਰੈਕਟਰ ਰੌਬਰਟ ਕੀਸੇ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
