Motera cricket stadium : ਹੁਣ ਤੋਂ ਕੁੱਝ ਦੇਰ ਤੱਕ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ਦਾ ਉਦਘਾਟਨ ਕਰਨਗੇ। ਇੱਕ ਵੱਡੇ ਸਮਾਗਮ ਦੇ ਦੌਰਾਨ ਅਹਿਮਦਾਬਾਦ ਵਿੱਚ ਸਟੇਡੀਅਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨੇ ਇੱਥੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਅੱਜ ਬੁੱਧਵਾਰ ਤੋਂ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਇਸ ਦਿਨ-ਰਾਤ ਮੈਚ ਦੀ ਮੇਜ਼ਬਾਨੀ ਲਈ ਤਿਆਰ ਹੈ। ਮੈਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।
ਦਿਲਚਸਪ ਗੱਲ ਇਹ ਹੈ ਕਿ ਪਿੱਛਲੇ ਸਾਲ 24 ਫਰਵਰੀ ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਥੇ ਆਏ ਸਨ। ਇਸ ਸਟੇਡੀਅਮ ਵਿੱਚ ਹੀ ‘ਨਮਸਤੇ ਟਰੰਪ’ ਪ੍ਰੋਗਰਾਮ ਹੋਇਆ ਸੀ। ਮੋਟੇਰਾ ਸਟੇਡੀਅਮ ਦੀਆਂ ਅਤਿ ਆਧੁਨਿਕ ਸਹੂਲਤਾਂ ਨੇ ਇਸਨੂੰ ਵਿਸ਼ਵ ਦੇ ਹੋਰ ਕ੍ਰਿਕਟ ਮੈਦਾਨਾਂ ਤੋਂ ਵੱਖ ਕਰ ਦਿੱਤਾ ਹੈ। ਪੁਰਾਣੇ ਸਟੇਡੀਅਮ ਵਿੱਚ ਪਹਿਲਾਂ 53,000 ਦਰਸ਼ਕਾਂ ਦੀ ਬੈਠਣ ਦੀ ਸਮਰੱਥਾ ਸੀ। ਹੁਣ ਇਸ ਨਵੇਂ ਬਣੇ ਸਟੇਡੀਅਮ ਦੀ ਸਮਰੱਥਾ ਵੱਧ ਕੇ 1.10 ਲੱਖ ਹੋ ਗਈ ਹੈ। ਮੋਟੇਰਾ ਸਟੇਡੀਅਮ ਵਿੱਚ 76 ਏਅਰ ਕੰਡੀਸ਼ਨਡ ਕਾਰਪੋਰੇਟ ਬਾਕਸ ਹਨ। ਇਹ ਅਹਿਮਦਾਬਾਦ ਸਟੇਡੀਅਮ 63 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਬਣਾਉਣ ਵਿੱਚ ਤਕਰੀਬਨ 700 ਕਰੋੜ ਰੁਪਏ ਦੀ ਲਾਗਤ ਆਈ ਹੈ। ਮੈਦਾਨ ਵਿੱਚ ਕੁੱਲ 11 ਪਿੱਚਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਾਲ ਅਤੇ ਕਾਲੀ ਮਿੱਟੀ ਨਾਲ ਬਣੀਆਂ ਵੱਖ-ਵੱਖ ਪਿੱਚਾਂ ਹਨ।