ਏਸ਼ੀਆ ਕੱਪ 2023 ਦਾ 5ਵਾਂ ਸੁਪਰ-4 ਮੁਕਾਬਲਾ ਅੱਜ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2.30 ਵਜੇ ਹੋਵੇਗਾ । ਅੱਜ ਦਾ ਮੈਚ ਇਹ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਜਾਵੇਗੀ, ਜਦਕਿ ਦੂਜੀ ਟੀਮ ਬਾਹਰ ਹੋ ਜਾਵੇਗੀ। ਜੇਕਰ ਸ਼੍ਰੀਲੰਕਾ ਹਾਰ ਜਾਂਦਾ ਹੈ ਤਾਂ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਫਾਈਨਲ ਖੇਡਿਆ ਜਾਵੇਗਾ।
ਸ਼੍ਰੀਲੰਕਾ ਤੇ ਪਾਕਿਸਤਾਨ ਦੇ 2-2 ਅੰਕ ਹਨ ਤੇ ਮੈਚ ਜਿੱਤਣ ਵਾਲੀ ਟੀਮ ਦੇ ਕੋਲ 4 ਅੰਕ ਹੋਣਗੇ। ਭਾਰਤ ਪਹਿਲਾਂ ਹੀ 4 ਅੰਕ ਲੈ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਚੁੱਕਿਆ ਹੈ। ਜੇਕਰ ਮੁਕਾਬਲਾ ਬਾਰਿਸ਼ ਕਾਰਨ ਰੱਦ ਹੁੰਦਾ ਹੈ ਤਾਂ ਸ਼੍ਰੀਲੰਕਾ ਟੀਮ ਫਾਈਨਲ ਖੇਡੇਗੀ, ਕਿਉਂਕਿ ਉਨ੍ਹਾਂ ਦੀ ਰਨ ਰੇਟ ਪਾਕਿਸਤਾਨ ਤੋਂ ਬਿਹਤਰ ਹੈ। ਇਹ ਦੋਵੇਂ ਹੀ ਟੀਮਾਂ ਦਾ ਤੀਜਾ ਤੇ ਆਖਰੀ ਸੁਪਰ-4 ਮੈਚ ਹੈ।
ਡਿਫੈਂਨਡਿੰਗ ਚੈਂਪੀਅਨ ਸ਼੍ਰੀਲੰਕਾ ਨੇ ਪਹਿਲੇ ਮੈਚ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੀ ਤੇ ਦੂਜੇ ਮੈਚ ਵਿੱਚ ਭਾਰਤ ਤੋਂ 41 ਦੌੜਾਂ ਨਾਲ ਹਾਰ ਗਈ ਸੀ। ਦੂਜੇ ਪਾਸੇ ਪਾਕਿਸਤਾਨ ਨੇ ਪਹਿਲੇ ਸੁਪਰ-4 ਮੈਚ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਤੇ ਦੂਜੇ ਵਿੱਚ ਭਾਰਤ ਤੋਂ 228 ਦੌੜਾਂ ਨਾਲ ਹਾਰ ਗਈ। ਦੱਸ ਦੇਈਏ ਕਿ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਹੁਣ ਤੱਕ 155 ਵਨਡੇ ਮੁਕਾਬਲੇ ਖੇਡੇ ਜਾ ਚੁੱਕੇ ਹਨ। ਪਾਕਿਸਤਾਨ ਨੇ 92 ਤੇ ਸ਼੍ਰੀਲੰਕਾ ਨੇ 58 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। 4 ਮੈਚ ਬੇਨਤੀਜਾ ਤੇ ਇੱਕ ਮੈਚ ਟਾਈ ਰਿਹਾ ਹੈ।
ਕੋਲੰਬੋ ਵਿੱਚ ਵੀਰਵਾਰ ਨੂੰ ਬਾਰਿਸ਼ ਦੀ 93 ਫ਼ੀਸਦੀ ਸੰਭਾਵਨਾ ਹੈ। ਤਾਪਮਾਨ 26 ਤੋਂ 31 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੀ ਪਿਚ ਆਮ ਤੌਰ ‘ਤੇ ਸਪਿਨਰਾਂ ਦੇ ਲਈ ਮਦਦਗਾਰ ਰਹੀ ਹੈ। ਨਾਲ ਹੀ ਇੱਥੇ ਬੱਲੇਬਾਜਾਂ ਨੂੰ ਵੀ ਮਦਦ ਮਿਲਦੀ ਹੈ। ਉੱਥੇ ਹੀ ਦੂਜੇ ਪਾਸੇ ਤੇਜ਼ ਗੇਂਦਬਾਜ਼ਾਂ ਨੂੰ ਇਸ ਮੈਦਾਨ ‘ਤੇ ਮੁਸ਼ਕਿਲ ਹੁੰਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਸ਼੍ਰੀਲੰਕਾ: ਦਸੁਨ ਸ਼ਨਾਕਾ(ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ(ਵਿਕਟਕੀਪਰ), ਸਦੀਰਾ ਸਮਰਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ, ਦੁਨਿਥ ਵੇਲਾਲਾਗੇ, ਮਹੀਸ਼ ਤੀਕਸ਼ਣਾ, ਮਥੀਸ਼ ਪਥੀਰਾਨਾ ਤੇ ਕਸੁਨ ਰਜਿਥਾ।
ਪਾਕਿਸਤਾਨ: ਬਾਬਰ ਆਜ਼ਮ(ਕਪਤਾਨ), ਮੁਹੰਮਦ ਹਾਰਿਸ, ਇਮਾਮ-ਉਲ-ਹਕ, ਮੁਹੰਮਦ ਰਿਜ਼ਵਾਨ(ਵਿਕਟਕੀਪਰ), ਸਊਦ ਸ਼ਕੀਲ, ਇਫਿਤਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ ਜੂਨੀਅਰ ਤੇ ਜਮਾਮ ਖਾਨ।
ਵੀਡੀਓ ਲਈ ਕਲਿੱਕ ਕਰੋ -: