ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਨੂੰ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਜਨਰਲ ਅਸੈਂਬਲੀ ਦੌਰਾਨ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਰਣਧੀਰ ਓਸੀਏ ਪ੍ਰਧਾਨ ਦੇ ਅਹੁਦੇ ਲਈ ਇਕਲੌਤੇ ਯੋਗ ਉਮੀਦਵਾਰ ਸਨ। ਉਨ੍ਹਾਂ ਦਾ ਕਾਰਜਕਾਲ 2024 ਤੋਂ 2028 ਤੱਕ ਰਹੇਗਾ। ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।
77 ਸਾਲ ਦੇ ਰਣਧੀਰ ਸਿੰਘ 2021 ਤੋਂ ਓਸੀਏ ਦੇ ਕਾਰਜਕਾਰੀ ਪ੍ਰਧਾਨ ਸਨ। ਉਨ੍ਹਾਂ ਨੇ ਕੁਵੈਤ ਦੇ ਸ਼ੇਖ ਅਹਿਮਦ ਅਲ-ਫਾਹਦ ਅਲ-ਸਬਾਹ ਦੀ ਜਗ੍ਹਾ ਲਈ ਹੈ । ਸ਼ੇਖ ਅਹਿਮਦ ’ਤੇ ਇਸ ਸਾਲ ਮਈ ਮਹੀਨੇ ਨੈਤਿਕਤਾ ਦੀ ਉਲੰਘਣਾ ਕਾਰਨ ਖੇਡ ਪ੍ਰਸ਼ਾਸਨ ਵੱਲੋਂ 15 ਸਾਲ ਦੀ ਪਾਬੰਦੀ ਲਗਾਈ ਗਈ ਸੀ। ਭਾਰਤੀ ਅਤੇ ਏਸ਼ੀਆਈ ਖੇਡ ਸੰਸਥਾਵਾਂ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ‘ਤੇ ਰਹੇ ਰਣਧੀਰ ਨੂੰ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਉੱਚ ਖੇਡ ਪ੍ਰਸ਼ਾਸਕਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ ’ਤੇ ਓਸੀਏ ਦਾ ਪ੍ਰਧਾਨ ਚੁਣਿਆ ਗਿਆ।
ਦੱਸ ਦੇਈਏ ਕਿ ਰਣਧੀਰ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਖੇਡਾਂ ਨਾਲ ਜੁੜਿਆ ਰਿਹਾ ਹੈ । ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਲਈ ਟੈਸਟ ਕ੍ਰਿਕਟ ਖੇਡਦੇ ਸਨ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰ ਸਨ। ਉਨ੍ਹਾਂ ਦੇ ਪਿਤਾ ਭਲਿੰਦਰ ਸਿੰਘ ਵੀ ਫਸਟ ਕਲਾਸ ਕ੍ਰਿਕਟਰ ਸਨ। ਉਹ 1947 ਅਤੇ 1992 ਦੇ ਵਿਚਾਲੇ ਆਈਓਸੀ ਮੈਂਬਰ ਰਹੇ ਸਨ। ਰਣਧੀਰ ਸਿੰਘ ਵੀ 2001 ਤੋਂ 2014 ਤੱਕ ਆਈਓਸੀ ਦੇ ਮੈਂਬਰ ਰਹੇ ਸਨ। ਇਸ ਮਗਰੋਂ ਉਹ ਆਈਓਸੀ ਨਾਲ ਆਨਰੇਰੀ ਮੈਂਬਰ ਵਜੋਂ ਜੁੜੇ ਰਹੇ।
ਗੌਰਤਲਬ ਹੈ ਕਿ ਰਣਧੀਰ ਸਿੰਘ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਬਣੇ, ਜੋ ਉਨ੍ਹਾਂ ਏ 1978 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਕੀਤਾ ਸੀ। ਉਨ੍ਹਾਂ ਨੂੰ 1979 ਵਿੱਚ ਅਰਜੁਨ ਅਵਾਰਡ ਦਿੱਤਾ ਗਿਆ। ਦਿੱਲੀ ਵਿੱਚ 1982 ਦੇ ਏਸ਼ੀਆਈ ਖੇਡਾਂ ਦੇ ਦੌਰਾਨ ਰਣਧੀਰ ਸਿੰਘ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸਨੇ ਸਿਲਵਰ ਮੈਡਲ ਜਿੱਤਿਆ ਸੀ। 1968 ਤੋਂ 1984 ਤੱਕ ਉਨ੍ਹਾਂ ਨੇ ਮਿਸ਼ਰਿਤ ਟ੍ਰੈਪ ਵਿੱਚ ਪੰਜ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਉਹ ਕਰਣੀ ਸਿੰਘ ਦੇ ਬਾਅਦ ਪੰਜ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਦੂਜੇ ਭਾਰਤੀ ਸਨ।
ਵੀਡੀਓ ਲਈ ਕਲਿੱਕ ਕਰੋ -: