ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਸ਼ਾਰਿਆਂ ਵਿੱਚ ਰਣਜੀ ਛੱਡ ਕੇ IPL ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਸੋਮਵਾਰ ਨੂੰ ਰੋਹਿਤ ਨੇ ਬਿਨ੍ਹਾਂ ਕਿਸੇ ਦਾ ਨਾਮ ਲਏ ਕਿਹਾ ਕਿ ਮੌਕਾ ਸਿਰਫ਼ ਉਨ੍ਹਾਂ ਨੂੰ ਹੀ ਦਿੱਤਾ ਜਾਵੇਗਾ, ਜੋ ਟੈਸਟ ਕ੍ਰਿਕਟ ਵਿੱਚ ਸਫਲਤਾ ਦੀ ਭੁੱਖ ਦਿਖਾਉਣਗੇ। ਇੰਗਲੈਂਡ ਦੇ ਖਿਲਾਫ਼ ਰਾਂਚੀ ਟੈਸਟ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵਿੱਚ ਸਫਲਤਾ ਦੀ ਭੁੱਖ ਹੈ, ਅਸੀਂ ਉਨ੍ਹਾਂ ਨੂੰ ਮੌਕਾ ਦਿਆਂਗੇ। ਜੇਕਰ ਜਿੱਤ ਦੀ ਭੁੱਖ ਨਹੀਂ ਹੈ ਤਾਂ ਅਜਿਹੇ ਖਿਡਾਰੀਆਂ ਨੂੰ ਖਿਡਾਉਣ ਦਾ ਕੋਈ ਮਤਲਬ ਨਹੀਂ ਹੈ।
ਇਸ ਤੋਂ ਅੱਗੇ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਂ ਇੱਥੇ ਟੀਮ ਵਿੱਚ ਕੋਈ ਵੀ ਅਜਿਹਾ ਖਿਡਾਰੀ ਨਹੀਂ ਦੇਖਿਆ, ਜੋ ਭੁੱਖਾ ਨਾ ਹੋਵੇ। ਸਾਰੇ ਮੁੰਡੇ ਜੋ ਇੱਥੇ ਹਨ ਤੇ ਜਿਹੜੇ ਨਹੀਂ ਹਨ, ਸਾਰੇ ਹੀ ਖੇਡਣਾ ਚਾਹੁੰਦੇ ਹਨ। ਪਰ ਟੈਸਟ ਕ੍ਰਿਕਟ ਵਿੱਚ ਤੁਹਾਨੂੰ ਬਹੁਤ ਘੱਟ ਮੌਕੇ ਮਿਲਦੇ ਹਨ। ਜੇਕਰ ਤੁਸੀਂ ਉਨ੍ਹਾਂ ਦਾ ਫਾਇਦਾ ਨਹੀਂ ਚੁੱਕਦੇ ਤਾਂ ਉਹ ਚਲੇ ਜਾਂਦੇ ਹਨ। ਇਹ ਪੁੱਛਣ ‘ਤੇ ਕਿ ਲੁਭਾਵਨੀ ਲੀਗ ਨੌਜਵਾਨਾਂ ਦੇ ਵਿਚਾਲੇ ਟੈਸਟ ਕ੍ਰਿਕਟ ਖੇਡਣ ਦੀ ਚਾਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਰੋਹਿਤ ਨੇ ਅੱਗੇ ਕਿਹਾ ਕਿ ਟੈਸਟ ਕ੍ਰਿਕਟ ਸਭ ਤੋਂ ਕਠਿਨ ਫਾਰਮੈਟ ਹੈ। ਜੇਕਰ ਤੁਸੀਂ ਇਸ ਫਾਰਮੈਟ ਵਿੱਚ ਐਕਸੀਲੈਂਸ ਤੇ ਸਫਲਤਾ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਭੁੱਖ ਦਿਖਾਉਣੀ ਪਵੇਗੀ।
ਇਹ ਵੀ ਪੜ੍ਹੋ: ਟ੍ਰੈਕਟਰ ਦੇ ਸਟੰਟ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਮਸ਼ਹੂਰ ‘ਟੋਚਨ ਕਿੰਗ’ ਨੀਸ਼ੂ ਦੇਸ਼ਵਾਲ ਦੀ ਹੋਈ ਮੌ.ਤ
ਦੱਸ ਦੇਈਏ ਕਿ ਭਾਰਤ ਨੇ ਰਾਂਚੀ ਟੈਸਟ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਮਾਤ ਦਿੱਤੀ। ਸੋਮਵਾਰ ਨੂੰ ਚੌਥੇ ਦਿਨ ਟੀਮ ਇੰਡੀਆ ਨੇ 192 ਦੌੜਾਂ ਦਾ ਟੀਚਾ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ ਵਿੱਚ 3-1 ਨਾਲ ਬੜ੍ਹਤ ਹਾਸਿਲ ਕਰ ਲਈ। ਯਾਨੀ ਕਿ ਇੱਕ ਮੈਚ ਰਹਿੰਦਿਆਂ 5 ਮੈਚਾਂ ਦੀ ਸੀਰੀਜ਼ ਜਿੱਤ ਲਈ। ਇਸ ਸੀਰੀਜ਼ ਦਾ ਆਖਰੀ ਮੁਕਾਬਲਾ 7 ਮਾਰਚ ਨੂੰ ਧਰਮਸ਼ਾਲਾ ਦੇ ਮੈਦਾਨ ‘ਤੇ ਖੇਡਿਆ ਜਾਵੇਗਾ।