ਇੰਡੀਅਨ ਪ੍ਰੀਮਿਅਰ ਲੀਗ 2024 ਦੇ 65ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਰਾਜਸਥਾਨ ਦੇ ਦੂਜੇ ਹੋਮਗ੍ਰਾਊਂਡ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਰਾਜਸਥਾਨ ਨੇ ਪੰਜਾਬ ਨੂੰ ਉਸੇ ਦੇ ਘਰ ਵਿੱਚ 3 ਵਿਕਟਾਂ ਨਾਲ ਹਰਾਇਆ ਸੀ। ਰਾਜਸਥਾਨ ਅੱਜ ਦਾ ਮੈਚ ਜਿੱਤ ਕੇ ਟਾਪ-2 ਵਿੱਚ ਰਹਿੰਦੇ ਹੋਏ ਲੀਗ ਸਟੇਜ ਖਤਮ ਕਰਨਾ ਚਾਹੇਗੀ। ਉੱਥੇ ਹੀ ਪੰਜਾਬ ਦੀ ਟੀਮ ਪਹਿਲਾਂ ਹੀ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀ ਹੈ। ਰਾਜਸਥਾਨ ਦੇ 12 ਮੈਚਾਂ ਵਿੱਚ 8 ਜਿੱਤਾਂ ਤੇ 4 ਹਾਰ ਨਾਲ 16 ਅੰਕ ਹਨ। ਟੀਮ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਟੀਮ ਟੇਬਲ ਵਿੱਚ ਸਭ ਤੋਂ ਹੇਠਾਂ 10ਵੇਂ ਨੰਬਰ ‘ਤੇ ਹੈ। ਟੀਮ ਦੇ 12 ਮੈਚਾਂ ਵਿੱਚ 4 ਜਿੱਤ ਤੇ 8 ਹਾਰ ਨਾਲ 8 ਅੰਕ ਹਨ।
ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ 12 ਮੈਚਾਂ ਵਿੱਚ 486 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 5 ਅਰਧ ਸੈਂਕੜੇ ਸ਼ਾਮਿਲ ਹਨ। ਉੱਥੇ ਹੀ ਸਪਿਨਰ ਯੁਜਵੇਂਦਰ ਚਹਲ ਨੇ ਟੀਮ ਵੱਲੋਂ ਸਭ ਤੋਂ ਜ਼ਿਆਦਾ 15 ਵਿਕਟਾਂ ਲਈਆਂ ਹਨ। ਪੰਜਾਬ ਦੇ ਸ਼ਸ਼ਾਂਕ ਸਿੰਘ, ਜਾਨੀ ਬੇਅਰਸਟੋ ਤੇ ਪ੍ਰਭਸਿਮਰਨ ਸਿੰਘ ਸ਼ਾਨਦਾਰ ਫਾਰਮ ਵਿਚ ਹਨ। ਸ਼ਸ਼ਾਂਕ ਸਿੰਘ 352 ਦੌੜਾਂ ਬਣਾ ਕੇ ਟੀਮ ਦੇ ਟਾਪ ਸਕੋਰਰ ਹਨ। ਬਾਲਿੰਗ ਵਿੱਚ ਹਰਸ਼ਲ ਪਟੇਲ ਟਾਪ ‘ਤੇ ਹਨ। ਉਨ੍ਹਾਂ ਨੇ 12 ਮੈਚਾਂ ਵਿੱਚ 20 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ, ਪਨੀਰੀ ਰਾਹੀ ਬਿਜਾਈ ਲਈ ਦੋ ਜ਼ੋਨਾਂ ‘ਚ ਵੰਡਿਆ ਗਿਆ ਪੰਜਾਬ
ਜੇਕਰ ਇੱਥੇ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਓਪਨਰ ਜੋਸ ਬਟਲਰ ਅੱਜ ਦੇ ਮੈਚ ਵਿੱਚ ਨਹੀਂ ਖੇਡਣਗੇ। ਬਟਲਰ ਹੁਣ IPL 2024 ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹ ਵਾਪਸ ਇੰਗਲੈਂਡ ਚਲੇ ਗਏ ਹਨ। ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਦੇ ਇੰਗਲੈਂਡ ਵਾਪਸ ਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉੱਥੇ ਹੀ ਪੰਜਾਬ ਕਿੰਗਜ਼ ਤੇ ਇੰਗਲੈਂਡ ਦੇ ਆਲਰਾਊਂਡਰ ਲਿਯਾਮ ਲਿਵਿੰਗਸਟਨ ਵੀ ਪੰਜਾਬ ਦੇ ਕੈਂਪ ਤੋਂ ਵਾਪਸ ਇੰਗਲੈਂਡ ਚਲੇ ਗਏ ਹਨ। ਉਨ੍ਹਾਂ ਨੇ ਜੂਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਗੋਡੇ ਦੀ ਸੱਟ ਨੂੰ ਠੀਕ ਕਰਵਾਉਣ ਦਾ ਫੈਸਲਾ ਲਿਆ ਹੈ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 27 IPL ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 17 ਮੈਚ ਰਾਜਸਤਾਹਨ ਨੇ ਜਿੱਤੇ ਹਨ ਤੇ 11 ਮੈਚਾਂ ਵਿੱਚ ਪੰਜਾਬ ਨੂੰ ਜਿੱਤ ਮਿਲੀ ਹੈ। ਗੁਹਾਟੀ ਦੇ ਇਸ ਮੈਦਾਨ ‘ਤੇ ਦੋਵੇਂ ਟੀਮਾਂ ਇੱਕ ਵਾਰ ਅਹਿਮ-ਸਾਹਮਣੇ ਹੋਈਆਂ ਹਨ। ਉਸ ਮੈਚ ਵਿੱਚ ਪੰਜਾਬ ਨੂੰ 5 ਦੌੜਾਂ ਨਾਲ ਜਿੱਤ ਮਿਲੀ ਸੀ। ਉਤੇਹ ਹੀ ਜੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਹੁਣ ਤੱਕ ਹਾਈ ਸਕੋਰਿੰਗ ਮੁਕਾਬਲੇ ਹੀ ਦੇਖਣ ਨੂੰ ਮਿਲੇ ਹਨ। ਇੱਥੇ ਹੁਣ ਤੱਕ ਮਹਿਜ਼ 2 IPL ਮੈਚ ਖੇਡੇ ਗਏ ਹਨ। ਦੋਹਾਂ ਮੈਚਾਂ ਵਿੱਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ। ਇੱਥੋਂ ਦਾ ਸਰਵੋਤਮ ਟੀਮ ਸਕੋਰ 199 ਹੈ, ਜੋ ਰਾਜਸਥਾਨ ਨੇ ਪਿਛਲੇ ਸੀਜ਼ਨ ਦਿੱਲੀ ਕੈਪਿਟਲਸ ਦੇ ਖਿਲਾਫ਼ ਬਣਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ & ਵਿਕਟਕੀਪਰ), ਯਸ਼ਸਵੀ ਜੈਸਵਾਲ, ਟਾਮ ਕੋਹਲਰ-ਕੈਡਮੋਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਆਰ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ ਤੇ ਯੁਜਵੇਂਦਰ ਚਹਲ।
ਪੰਜਾਬ ਕਿੰਗਜ਼: ਸੈਮ ਕਰਨ (ਕਪਤਾਨ), ਪ੍ਰਭਸਿਮਰਨ ਸਿੰਘ, ਜਾਨੀ ਬੇਅਰਸਟੋ (ਵਿਕਟਕੀਪਰ), ਰਾਇਲੀ ਰੂਸੋ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ, ਆਸ਼ੁਤੋਸ਼ ਸ਼ਰਮਾ, ਹਰਸ਼ਲ ਪਟੇਲ, ਕਗਿਸੋ ਰਬਾਡਾ, ਰਾਹੁਲ ਚਾਹਰ ਤੇ ਅਰਸ਼ਦੀਪ ਸਿੰਘ।
ਵੀਡੀਓ ਲਈ ਕਲਿੱਕ ਕਰੋ -: