Shock to Rajasthan Royals: ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ, ਆਲਰਾਉਂਡਰ ਬੇਨ ਸਟੋਕਸ ਅਤੇ ਵਿਕਟਕੀਪਰ ਜੋਸ ਬਟਲਰ ਚੇਨਈ ਸੁਪਰ ਕਿੰਗਜ਼ ਖਿਲਾਫ ਪਹਿਲੇ ਮੈਚ ਵਿੱਚ ਨਹੀਂ ਖੇਡ ਸਕਣਗੇ। ਰਾਜਸਥਾਨ ਅਤੇ ਚੇਨਈ ਵਿਚਾਲੇ 22 ਸਤੰਬਰ ਨੂੰ ਸ਼ਾਰਜਾਹ ‘ਚ ਮੁਕਾਬਲਾ ਹੋਵੇਗਾ। ਇੰਗਲੈਂਡ ਦੇ ਵਿਸਫੋਟਕ ਖਿਡਾਰੀ ਜੋਸ ਬਟਲਰ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲਾਜ਼ਮੀ ਕੁਆਰੰਟੀਨ ਹੋਣ ਕਾਰਨ ਉਹ ਪਹਿਲਾ ਮੈਚ ਨਹੀਂ ਖੇਡ ਸਕੇਗਾ। ਰਾਜਸਥਾਨ ਰਾਇਲਜ਼ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਬਟਲਰ ਨੇ ਵੀਡੀਓ ਵਿੱਚ ਕਿਹਾ, “ਮੈਂ ਬਦਕਿਸਮਤੀ ਨਾਲ ਰਾਜਸਥਾਨ ਰਾਇਲਜ਼ ਲਈ ਕੁਆਰੰਟੀਨ ਵਿੱਚ ਸਮਾਂ ਬਿਤਾਉਣ ਦੇ ਕਾਰਨ ਪਹਿਲੇ ਮੈਚ ਵਿੱਚ ਅਣਉਪਲਬਧ ਹੋਵਾਂਗਾ। ਮੈਂ ਇਥੇ ਆਪਣੇ ਪਰਿਵਾਰ ਨਾਲ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਰੌਇਲਜ਼ ਨੇ ਮੈਨੂੰ ਆਪਣੇ ਪਰਿਵਾਰ ਨੂੰ ਇੱਥੇ ਲਿਆਉਣ ਦੀ ਆਗਿਆ ਦਿੱਤੀ ਹੈ। ਇਹ ਵੱਡੀ ਸਹਾਇਤਾ ਹੈ।”
ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੂੰ ਇੰਗਲੈਂਡ ਦੇ ਦੌਰੇ ‘ਤੇ ਮੈਨਚੇਸਟਰ ‘ਚ ਨੈੱਟ ਅਭਿਆਸ ਦੌਰਾਨ ਸਿਰ ‘ਤੇ ਸੱਟ ਲੱਗੀ ਸੀ। ਇਸ ਕਾਰਨ ਸਮਿਥ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਹਿੱਸਾ ਨਹੀਂ ਲੈ ਸਕਿਆ। ਰਾਜਸਥਾਨ ਦੇ ਆਈਪੀਐਲ ਵਿੱਚ ਸ਼ੁਰੂਆਤੀ ਮੈਚ ਲਈ ਸਮਿਥ ਵੀ ਮੌਜੂਦ ਨਹੀਂ ਹੋਵੇਗਾ। ਸਟਾਰ ਆਲਰਾਉਂਡਰ ਬੇਨ ਸਟੋਕਸ ਵੀ ਹੁਣ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਪਹਿਲੇ ਮੈਚ ਦਾ ਹਿੱਸਾ ਨਹੀਂ ਬਣੇਗਾ। ਪਿਤਾ ਦੇ ਦਿਮਾਗ ਦੇ ਕੈਂਸਰ ਦੀ ਜਾਂਚ ਕਾਰਨ ਉਹ ਕ੍ਰਾਈਸਚਰਚ ਵਿੱਚ ਆਪਣੇ ਪਰਿਵਾਰ ਦੇ ਨਾਲ ਹੈ। ਸਟੋਕਸ ਨੇ ਆਸਟ੍ਰੇਲੀਆ ਖ਼ਿਲਾਫ਼ ਵਨਡੇ ਅਤੇ ਟੀ -20 ਸੀਰੀਜ਼ ਵਿੱਚ ਵੀ ਹਿੱਸਾ ਨਹੀਂ ਲਿਆ ਸੀ।