ਗੁਜਰਾਤ ਟਾਇਟਨਸ (GT) ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਲਈ ਸ਼ੁਭਮਨ ਗਿੱਲ ਨੂੰ ਕਪਤਾਨ ਐਲਾਨ ਦਿੱਤਾ ਹੈ । ਉੱਥੇ ਹੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਮੁੰਬਈ ਇੰਡੀਅਨਜ਼ (MI) ਲਈ ਖੇਡਦੇ ਹੋਏ ਨਜ਼ਰ ਆਉਣਗੇ । ਟੀਮ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੀ ਅਧਿਕਾਰਤ ਘੋਸ਼ਣਾ ਕੀਤੀ । ਉੱਥੇ ਹੀ ਮੁੰਬਈ ਇੰਡੀਅਨਜ਼ ਨੇ ਕੈਮਰਨ ਗ੍ਰੀਨ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨਾਲ ਟ੍ਰੇਡ ਕਰ ਦਿੱਤਾ ਹੈ।

Shubman Gill named Gujarat Titans captain
ਗੁਜਰਾਤ ਟਾਇਟਨਸ ਦੇ ਕ੍ਰਿਕਟ ਡਾਇਰੈਕਟਰ ਵਿਕਰਮ ਸੋਲੰਕੀ ਨੇ ਕਿਹਾ ਕਿ ਸ਼ੁਭਮਨ ਗਿੱਲ ਨੇ ਪਿਛਲੇ ਦੋ ਸਾਲਾਂ ਵਿੱਚ ਖੇਡ ਦੇ ਸਭ ਤੋਂ ਉੱਚੇ ਪੱਧਰ ‘ਤੇ ਕਾਫੀ ਤਰੱਕੀ ਕੀਤੀ ਹੈ। ਅਸੀਂ ਉਨ੍ਹਾਂ ਨੂੰ ਨਾ ਸਿਰਫ ਇੱਕ ਬੱਲੇਬਾਜ਼ ਦੇ ਰੂਪ ਵਿੱਚ ਬਲਕਿ ਕ੍ਰਿਕਟ ਵਿੱਚ ਇੱਕ ਲੀਡਰ ਦੇ ਰੂਪ ਵਿੱਚ ਵੀ ਦੇਖਿਆ ਹੈ। ਮੈਦਾਨ ‘ਤੇ ਉਸ ਦੇ ਯੋਗਦਾਨ ਨੇ ਗੁਜਰਾਤ ਟਾਇਟਨਸ ਨੂੰ ਇੱਕ ਮਜ਼ਬੂਤ ਤਾਕਤ ਵਜੋਂ ਉਭਰਨ ਵਿੱਚ ਮਦਦ ਕੀਤੀ ਹੈ। ਉਸ ਦੀ ਪਰਿਪੱਕਤਾ ਅਤੇ ਹੁਨਰ ਮੈਦਾਨ ‘ਤੇ ਪ੍ਰਦਰਸ਼ਨ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ। ਅਸੀਂ ਉਸ ਨੂੰ ਕਪਤਾਨ ਬਣਾਉਣ ਲਈ ਉਤਸ਼ਾਹਿਤ ਹਾਂ।
ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਗੁਜਰਾਤ ਟਾਈਟਨਸ ਦਾ ਕਪਤਾਨ ਬਣਾਏ ਜਾਣ ਤੋਂ ਬਾਅਦ ਆਪਣੇ ਮਨ ਦੀ ਗੱਲ ਕਹੀ ਹੈ। ਗਿੱਲ ਨੇ ਕਿਹਾ ਕਿ ਮੈਨੂੰ ਗੁਜਰਾਤ ਟਾਇਟਨਸ ਦੀ ਕਪਤਾਨੀ ਸੰਭਾਲਣ ‘ਤੇ ਖੁਸ਼ੀ ਅਤੇ ਮਾਣ ਹੈ ਅਤੇ ਇੰਨੀ ਚੰਗੀ ਟੀਮ ਦੀ ਅਗਵਾਈ ਕਰਨ ਲਈ ਮੇਰੇ ‘ਤੇ ਭਰੋਸਾ ਕਰਨ ਲਈ ਫ੍ਰੈਂਚਾਈਜ਼ੀ ਦਾ ਧੰਨਵਾਦ ਕਰਦਾ ਹਾਂ । ਸਾਡੇ ਦੋ ਸੀਜ਼ਨ ਰਹੇ ਹਨ ਅਤੇ ਮੈਂ ਕ੍ਰਿਕਟ ਦੇ ਆਪਣੇ ਰੋਮਾਂਚਕ ਬ੍ਰਾਂਡ ਨਾਲ ਟੀਮ ਦੀ ਅਗਵਾਈ ਕਰਨ ਦੀ ਉਮੀਦ ਕਰ ਰਿਹਾ ਹਾਂ।

Shubman Gill named Gujarat Titans captain
ਦੱਸ ਦੇਈਏ ਕਿ ਗੁਜਰਾਤ ਟਾਇਟਨਸ ਦੀ ਟੀਮ IPL ਵਿੱਚ ਪਹਿਲੀ ਵਾਰ 2022 ਸੀਜ਼ਨ ਵਿੱਚ ਆਈ। ਟੀਮ ਨੇ ਹਾਰਦਿਕ ਦੀ ਕਪਤਾਨੀ ਵਿੱਚ ਪਹਿਲੇ ਸੀਜ਼ਨ ਵਿੱਚ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ । ਗੁਜਰਾਤ ਦੀ ਟੀਮ 2023 ਦੇ ਸੀਜ਼ਨ ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਉਸ ਨੂੰ ਚੇੱਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨੀ ਸਫਲਤਾ ਦੇ ਬਾਵਜੂਦ ਗੁਜਰਾਤ ਟੀਮ ਅਤੇ ਪੰਡਯਾ ਦਾ ਸਾਥ ਛੁੱਟਣਾ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਿਰਾਂ ਨੂੰ ਹੈਰਾਨ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –