sourav ganguly says: ਮੁੰਬਈ: ਕ੍ਰਿਕਟ ਬੋਰਡ ਆਫ ਇੰਡੀਆ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਦਾ ਘਰੇਲੂ ਸੀਜ਼ਨ ਉਦੋਂ ਹੀ ਸ਼ੁਰੂ ਹੋਵੇਗਾ, ਜਦੋਂ ਰਣਜੀ ਟਰਾਫੀ ਮੈਚਾਂ ਲਈ ਨੌਜਵਾਨ ਖਿਡਾਰੀਆਂ ਲਈ ਦੇਸ਼ ਦੇ ਅੰਦਰ ਯਾਤਰਾ ਕਰਨਾ ਸੁਰੱਖਿਅਤ ਰਹੇਗਾ। ਭਾਰਤ ਦੇ ਘਰੇਲੂ ਟੂਰਨਾਮੈਂਟਾਂ ਬਾਰੇ ਬੇਯਕੀਨੀ ਹੈ ਕਿਉਂਕਿ ਜੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਅਕਤੂਬਰ ਵਿੱਚ ਹੁੰਦੀ ਹੈ ਤਾਂ ਸੀਜ਼ਨ ਵਿੱਚ ਮੈਚਾਂ ਦੀ ਗਿਣਤੀ ਘੱਟ ਕਰਨੀ ਪਏਗੀ। ਘਰੇਲੂ ਸੀਜ਼ਨ 2020-2021 ਅਗਸਤ ਦੇ ਅਖੀਰ ਵਿੱਚ ਵਿਜੇ ਹਜ਼ਾਰੇ ਟਰਾਫੀ ਨਾਲ ਸ਼ੁਰੂ ਹੋਣਾ ਸੀ, ਉਸ ਤੋਂ ਬਾਅਦ ਰਣਜੀ ਟਰਾਫੀ, ਦਲੀਪ ਟਰਾਫੀ ਅਤੇ ਸੱਯਦ ਮੁਸ਼ਤਾਕ ਅਲੀ ਟਰਾਫੀ ਹੋਣੀ ਸੀ। ਪਹਿਲਾ ਤਾਲਾਬੰਦੀ ਸ਼ੁਰੂ ਹੋਣ ਕਾਰਨ ਇਰਾਨੀ ਟਰਾਫੀ ਰੱਦ ਕਰ ਦਿੱਤੀ ਗਈ ਸੀ। ਘਰੇਲੂ ਅਤੇ ਜੂਨੀਅਰ ਕ੍ਰਿਕਟ ਬਾਰੇ ਪੁੱਛੇ ਜਾਣ ‘ਤੇ ਗਾਂਗੁਲੀ ਨੇ ਇੱਕ ਯੂ-ਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਜ਼ਰੂਰੀ ਹਨ ਪਰ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਤੋਂ ਬਾਅਦ ਹੀ। ਹਾਲਾਤ ਸੁਰੱਖਿਅਤ ਹੋਣ ਤੋਂ ਬਾਅਦ ਹੀ, ਖ਼ਾਸਕਰ ਜੂਨੀਅਰ ਕ੍ਰਿਕਟ। ”
ਗਾਂਗੁਲੀ ਨੇ ਕਿਹਾ ਕਿ ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਟੀਮਾਂ ਨੂੰ ਮੈਚਾਂ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੀ ਯਾਤਰਾ ਕਰਨੀ ਪੈਂਦੀ ਹੈ ਅਤੇ ਇਸ ਲਈ ਘਰੇਲੂ ਕ੍ਰਿਕਟ ਉਦੋਂ ਤੱਕ ਆਰੰਭ ਨਹੀਂ ਹੋਵੇਗੀ ਜਦੋਂ ਤੱਕ ਸਭ ਕੁੱਝ ਸੁਰੱਖਿਅਤ ਨਹੀਂ ਹੁੰਦਾ। ਬੀਸੀਸੀਆਈ ਮੁਖੀ ਨੇ ਕਿਹਾ, “ਅਸੀਂ ਨੌਜਵਾਨ ਖਿਡਾਰੀਆਂ ਸਬੰਧੀ ਜੋਖਮ ਨਹੀਂ ਲੈਣਾ ਚਾਹੁੰਦੇ। ਸਾਡਾ ਦੇਸ਼ ਇੰਨਾ ਵੱਡਾ ਹੈ ਅਤੇ ਸਾਡੀ ਘਰੇਲੂ ਕ੍ਰਿਕਟ ਇੰਨੀ ਮਜ਼ਬੂਤ ਹੈ ਕਿ ਹਰ ਇੱਕ ਨੂੰ ਖੇਡਣ ਲਈ ਯਾਤਰਾ ਕਰਨੀ ਪੈਂਦੀ ਹੈ। ਇਸ ਲਈ ਸੁਰੱਖਿਅਤ ਹੋਣ ਤੱਕ ਆਯੋਜਨ ਨਹੀਂ ਕੀਤਾ ਜਾਵੇਗਾ।” ਇਸੇ ਤਰ੍ਹਾਂ ਇਸ ਸਮੇਂ ਉਮਰ ਸਮੂਹ ਲਈ ਟੂਰਨਾਮੈਂਟ ਆਯੋਜਿਤ ਨਹੀਂ ਕੀਤੇ ਜਾਣਗੇ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਵੀਰਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ 24,879 ਦਰਜ ਕੀਤੇ ਗਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,67,296 ਹੋ ਗਈ। ਇਸ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 21,129 ਤੇ ਪਹੁੰਚ ਗਈ ਹੈ, ਜਿਸ ਵਿੱਚ ਇੱਕ ਦਿਨ ਵਿੱਚ 487 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।