south africa women’s cricket team: ਜੋਹਾਨਸਬਰਗ: ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਜਾਨਲੇਵਾ ਕੋਰੋਨਾ ਵਾਇਰਸ ਕ੍ਰਿਕਟ ਵਿੱਚ ਵੀ ਆਪਣੇ ਪੈਰ ਫੈਲਾਅ ਚੁੱਕਾ ਹੈ। ਦੱਸਿਆ ਗਿਆ ਹੈ ਕਿ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਤਿੰਨ ਮੈਂਬਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਦਰਅਸਲ, ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਪ੍ਰਸਤਾਵਿਤ ਦੌਰੇ ਲਈ ਅਭਿਆਸ ਕੈਂਪ ਤੋਂ ਪਹਿਲਾਂ ਕੀਤੀ ਗਈ ਇੱਕ ਜਾਂਚ ਦੌਰਾਨ ਤਿੰਨ ਮੈਂਬਰਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਹਾਲਾਂਕਿ ਸੰਕਰਮਿਤ ਖਿਡਾਰੀਆਂ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।
ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਨੇ ਇੱਕ ਸਹਿਯੋਗੀ ਮੈਂਬਰ ਸਣੇ ਤਿੰਨ ਨੂੰ ਕੈਂਪ ਤੋਂ ਵੱਖ ਕਰ ਦਿੱਤਾ ਹੈ। ਇਹ ਕੈਂਪ ਪ੍ਰੇਟੋਰੀਆ ਵਿੱਚ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਸੀਐਸਏ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਜਾਂਚ ਦੌਰਾਨ ਤਿੰਨ ਵਿਅਕਤੀਆਂ ਨੂੰ ਪੀੜਤ ਪਾਇਆ ਗਿਆ ਹੈ। ਖਿਡਾਰੀ ਅਤੇ ਸਹਿਯੋਗੀ ਮੈਂਬਰ ਹੁਣ 10 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣਗੇ ਅਤੇ ਅਭਿਆਸ ਕੈਂਪ ‘ਚ ਹਿੱਸਾ ਨਹੀਂ ਲੈਣਗੇ।” ਦੱਸ ਦੇਈਏ ਕਿ ਟੀਮ ਦੇ ਖਿਡਾਰੀਆਂ ਅਤੇ ਸਹਿਯੋਗੀ ਮੈਂਬਰਾਂ ਨੂੰ ਇੱਕ ਹੋਰ ਜਾਂਚ ਕਰਵਾਉਣੀ ਪਏਗੀ। ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦਾ ਇੰਗਲੈਂਡ ਦੌਰਾ ਸਤੰਬਰ ‘ਚ ਪ੍ਰਸਤਾਵਿਤ ਹੈ।