ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸੁਨੀਲ ਛੇਤਰੀ 6 ਜੂਨ ਨੂੰ ਕੁਵੈਤ ਦੇ ਖਿਲਾਫ਼ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਣਗੇ। ਸੁਨੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਆਪਣੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ ‘ਤੇ ਗੱਲ ਕੀਤੀ ਹੈ ਤੇ ਕਿਹਾ ਕਿ ਹੁਣ ਨਵੇਂ ਲੋਕਾਂ ਨੂੰ ਮੌਕਾ ਦੇਣ ਦਾ ਸਮਾਂ ਹੈ। 39 ਸਾਲ ਦੇ ਸੁਨੀਲ ਛੇਤਰੀ ਨੇ ਭਾਰਤ ਦੇ ਲਈ ਖੇਡਦੇ ਹੋਏ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ ਹਨ।
ਸੁਨੀਲ ਛੇਤਰੀ ਭਾਰਤੀ ਫੁੱਟਬਾਲ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਦੇਸ਼ ਦੇ ਲਈ 150 ਮੈਚਾਂ ਵਿੱਚ 94 ਗੋਲ ਕੀਤੇ। ਇੰਟਰਨੈਸ਼ਨਲ ਗੋਲ ਸਕੋਰਰਾਂ ਦੀ ਸੂਚੀ ਵਿੱਚ ਉਹ ਇਸ ਸਮੇਂ ਚੌਥੇ ਸਥਾਨ ‘ਤੇ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਛੇਤਰੀ ਨੇ ਆਪਣੇ ਸਫ਼ਰ ਨੂੰ ਯਾਦ ਕੀਤਾ ਤੇ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣਾ ਪਹਿਲਾ ਮੈਚ ਖੇਡਿਆ ਸੀ। ਮੇਰਾ ਪਹਿਲਾ ਮੈਚ, ਮੇਰਾ ਪਹਿਲਾ ਗੋਲ, ਇਹ ਮੇਰੇ ਸਫ਼ਰ ਦਾ ਸਭ ਤੋਂ ਯਾਦਗਾਰ ਪਲ ਰਿਹਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦੇਸ਼ ਦੇ ਲਈ ਇੰਨੇ ਮੈਚ ਖੇਡ ਸਕਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਨਿਆਸ ਲੈਣ ਦਾ ਤੈਅ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਤੇ ਪਤਨੀ ਨੂੰ ਇਸ ਬਾਰੇ ਦੱਸਿਆ।
ਸੁਨੀਲ ਛੇਤਰੀ ਨੇ 12 ਜੂਨ 2005 ਨੂੰ ਆਪਣਾ ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ਼ ਖੇਡਿਆ ਸੀ। ਇਸ ਮੈਚ ਵਿੱਚ ਹੀ ਉਨ੍ਹਾਂ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਗੋਲ ਵੀ ਕੀਤਾ ਸੀ। ਛੇਤਰੀ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਛੇ ਮੌਕਿਆਂ ‘ਤੇ AIFF ਪਲੇਅਰ ਆਫ ਦ ਈਅਰ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿੱਚ ਅਰਜੁਨ ਐਵਾਰਡ ਤੇ 2019 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਸੁਨੀਲ ਛੇਤਰੀ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ਵਿੱਚ ਚੌਥੇ ਨੰਬਰ ‘ਤੇ ਹਨ। ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਗੋਲ ਕਰਨ ਦੇ ਮਾਮਲੇ ਵਿੱਚ ਪਹਿਲੇ ਸਥਾਨ ‘ਤੇ ਹਨ। ਰੋਨਾਲਡੋ ਨੇ ਹੁਣ ਤੱਕ 206 ਮੈਚ ਖੇਡ ਕੇ ਕੁੱਲ 128 ਗੋਲ ਦਾਗੇ ਹਨ। ਇਸਦੇ ਬਾਅਦ ਈਰਾਨ ਦੇ ਸਾਬਕਾ ਖਿਡਾਰੀ ਅਲੀ ਦਈ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੇ ਨਾਮ 148 ਮੈਚਾਂ ਵਿੱਚ 108 ਗੋਲ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: