ਭਾਰਤੀ ਟੀਮ ਦੇ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ । ਇਸ ਮੈਚ ਵਿੱਚ ਭਾਵੇਂ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੂਰਿਆ ਨੇ ਇੱਕ ਵਾਰ ਫਿਰ ਅਰਧ ਸੈਂਕੜਾ ਜੜਿਆ। ਬੇਸ਼ੱਕ ਸੂਰਿਆਕੁਮਾਰ ਯਾਦਵ ਦੀ ਪਾਰੀ ਦਾ ਟੀਮ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਇਸ ਦੌਰਾਨ ਉਸ ਨੇ ਇੱਕ ਖਾਸ ਰਿਕਾਰਡ ਬਣਾਇਆ । ਸੂਰਿਆ ਨੇ ਇਸ ਦੌਰਾਨ ਦਿਗੱਜ ਕਪਤਾਨ ਮਹਿੰਦਰ ਸਿੰਘ ਧੋਨੀ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸੂਰਿਆਕੁਮਾਰ ਨੇ ਬਤੌਰ ਟੀ-20 ਕਪਤਾਨ ਦੱਖਣੀ ਅਫਰੀਕਾ ਵਿੱਚ ਉਹ ਕਾਰਨਾਮਾ ਕੀਤਾ ਹੈ ਜਿਸਨੂੰ ਅੱਜ ਤੱਕ ਕੋਈ ਭਾਰਤੀ ਕਪਤਾਨ ਨਹੀਂ ਕਰ ਸਕਿਆ ਸੀ।
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੀ ਧਰਤੀ ‘ਤੇ ਕਪਤਾਨ ਦੇ ਤੌਰ ‘ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਕਪਤਾਨ ਬਣ ਗਿਆ ਹੈ। ਦੱਖਣੀ ਅਫਰੀਕਾ ਦੀ ਧਰਤੀ ‘ਤੇ ਟੀ-20 ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਹੁਣ ਸੂਰਿਆਕੁਮਾਰ ਯਾਦਵ ਦੇ ਨਾਂ ਦਰਜ ਹੋ ਗਿਆ ਹੈ ਜਿਸ ਨੇ 12 ਦਸੰਬਰ ਨੂੰ ਖੇਡੇ ਗਏ ਦੂਜੇ ਟੀ-20 ਵਿੱਚ ਅਰਧ ਸੈਂਕੜਾ ਲਗਾ ਕੇ ਸਾਬਕਾ ਭਾਰਤੀ ਕਪਤਾਨ ਤੋਂ ਅੱਗੇ ਨਿਕਲ ਗਏ ਹਨ । ਧੋਨੀ ਨੇ ਸਾਲ 2007 ਵਿੱਚ 45 ਦੌੜਾਂ ਦੀ ਪਾਰੀ ਖੇਡੀ ਸੀ ਜੋ ਕਿ ਹੁਣ ਤੱਕ ਭਾਰਤ ਦੇ ਕਿਸੇ ਕਪਤਾਨ ਦੀ ਟੀ-20 ਵਿੱਚ ਸਭ ਤੋਂ ਵੱਡੀ ਪਾਰੀ ਸੀ। ਹੁਣ ਸੂਰਿਆ ਧੋਨੀ ਤੋਂ ਵੀ ਅੱਗੇ ਨਿਕਲ ਗਏ ਹਨ।
ਇਹ ਵੀ ਪੜ੍ਹੋ: ਧੁੰਦ ਦੀ ਚਾਦਰ ‘ਚ ਲਿਪਟਿਆ ਪੰਜਾਬ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਵਾਹਨ ਚਾਲਕਾਂ ਨੂੰ ਚੇਤਾਵਨੀ
ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਦੂਜੇ ਟੀ-20 ਮੈਚ ਵਿੱਚ ਆਪਣੇ ਟੀ-20 ਇੰਟਰਨੈਸ਼ਨਲ ਕਰੀਅਰ ਦੀਆਂ 2000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕ੍ਰਿਕਟ ਦੇ ਛੋਟੇ ਫਾਰਮੈਟ ਵਿੱਚ ਰੈਂਕਿੰਗ ਵਿੱਚ ਨੰਬਰ ਵਨ ‘ਤੇ ਵਿਰਾਜਮਾਨ ਸੂਰਿਆ ਟੀ-20 ਵਿੱਚ ਸਭ ਤੋਂ ਤੇਜ਼ੀ ਨਾਲ 2000 ਦੌੜਾਂ ਬਣਾਉਣ ਵਾਲੇ ਚੌਥੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 56 ਪਾਰੀਆਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ। ਜਿਸ ਕਾਰਨ ਸੂਰਿਆ ਨੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਨੇ ਵੀ ਆਪਣੀਆਂ ਸ਼ੁਰੂਆਤੀ 2000 ਦੌੜਾਂ 56 ਪਾਰੀਆਂ ਵਿੱਚ ਪੂਰੀਆਂ ਕੀਤੀਆਂ ਸਨ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਇਹ ਕਾਰਨਾਮਾ 52-52 ਪਾਰੀਆਂ ਵਿੱਚ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –