ਟੀ-20 ਵਿਸ਼ਵ ਕੱਪ 2024 ਧਮਾਕੇਦਾਰ ਅੰਦਾਜ਼ ਵਿੱਚ ਆਗਾਜ਼ ਹੋ ਚੁੱਕਿਆ ਹੈ । ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ ਹੈ । ਅਮਰੀਕਾ ਦੀ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡ ਰਹੀ ਹੈ ਅਤੇ ਆਪਣਾ ਪਹਿਲਾ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਦੇ ਲਈ ਮੈਚ ਵਿੱਚ ਐਰੋਨ ਜੋਨਸ ਅਤੇ ਐਂਡਰੀਜ ਗੌਸ ਵੱਡੇ ਹੀਰੋ ਸਾਬਿਤ ਹੋਏ । ਇਨ੍ਹਾਂ ਖਿਡਾਰੀਆਂ ਦੀ ਬਦੌਲਤ ਅਮਰੀਕਾ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚ ਪਹਿਲਾ ਮੈਚ ਜਿੱਤਣ ਵਿੱਚ ਸਫਲ ਰਹੀ।
ਇਸ ਮੈਚ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਪੱਖ ਵਿੱਚ ਗਿਆ। ਟੀਚੇ ਦਾ ਪਿੱਛਾ ਕਰਦੇ ਹੋਏ ਅਮਰੀਕਾ ਦੇ ਲਈ ਐਰੋਨ ਜੋਨਸ ਨੇ ਸਭ ਤੋਂ ਵੱਡੀ ਪਾਰੀ ਖੇਡਦੇ ਹੋਏ 40 ਗੇਂਦਾਂ ਵਿੱਚ 4 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 94 ਨਾਬਾਦ ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਐਂਡਰੀਜ਼ ਗੂਸ ਨੇ 46 ਗੇਂਦਾਂ ਵਿੱਚ 7 ਚੌਕੇ ਅਤੇ 3 ਛੱਕੇ ਲਗਾ ਕੇ 65 ਦੌੜਾਂ ਬਣਾਈਆਂ । ਦੋਹਾਂ ਨੇ ਤੀਜੇ ਵਿਕਟ ਦੇ ਲਈ 131 ਦੌੜਾਂ (58 ਗੇਂਦਾਂ) ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਲਿਆ ਵਾਪਿਸ
ਡਲਾਸ ਦੇ ਗ੍ਰੈਂਡ ਪ੍ਰੇਅਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ ਸਨ । ਟੀਮ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵੱਡੀ ਪਾਰੀ ਖੇਡਦਿਆਂ 44 ਗੇਂਦਾਂ ਵਿੱਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ । ਫਿਰ ਅਮਰੀਕਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ 17.4 ਓਵਰਾਂ ਵਿੱਚ ਜਿੱਤ ਦਰਜ ਕੀਤੀ । ਕੈਨੇਡੀਅਨ ਗੇਂਦਬਾਜ਼ ਅਮਰੀਕੀ ਬੱਲੇਬਾਜ਼ਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ।
ਦੱਸ ਦੇਈਏ ਕਿ ਵੱਡੇ ਟੀਚੇ ਦਾ ਪਿੱਛਾ ਕਰਨ ਆਈ ਅਮਰੀਕੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਜਦੋਂ ਸਟੀਵਨ ਟੇਲਰ ਬਿਨ੍ਹਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ । ਇਸ ਤੋਂ ਬਾਅਦ ਮੋਨਾਂਕ ਪਟੇਲ ਵੀ 16 ਦੌੜਾਂ ਬਣਾ ਕੇ ਆਊਟ ਹੋ ਗਏ । ਪਰ ਫਿਰ ਆਰੋਨ ਜੋਨਸ ਅਤੇ ਐਂਡਰੀਜ ਗੌਸ ਨੇ ਵੱਡੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਮੁਸ਼ਕਿਲ ਵਿੱਚੋਂ ਬਾਹਰ ਕੱਢਿਆ । ਇਨ੍ਹਾਂ ਦੋਵਾਂ ਖਿਡਾਰੀਆਂ ਨੇ ਮੈਦਾਨ ਦੇ ਹਰ ਪਾਸੇ ਸਟ੍ਰੋਕ ਲਗਾਏ । ਐਂਡਰੀਜ਼ ਨੇ 46 ਗੇਂਦਾਂ ਵਿੱਚ 65 ਦੌੜਾਂ ਬਣਾਈਆਂ । ਕੈਨੇਡਾ ਦੇ ਨਿਖਿਲ ਦੱਤਾ ਨੇ ਐਂਡਰੀਜ਼ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ, ਪਰ ਆਰੋਨ ਕਰੀਜ਼ ‘ਤੇ ਹੀ ਟਿਕੇ ਰਹੇ। ਉਨ੍ਹਾਂ ਨੇ 40 ਗੇਂਦਾਂ ਵਿੱਚ 94 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ 10 ਛੱਕੇ ਸ਼ਾਮਲ ਹਨ। ਉਹ ਅੰਤ ਤੱਕ ਆਊਟ ਨਹੀਂ ਹੋਏ ਅਤੇ ਆਪਣੀ ਟੀਮ ਲਈ ਮੈਚ ਜਿਤਾਉਣ ਵਿੱਚ ਕਾਮਯਾਬ ਰਹੇ । ਇਸ ਸ਼ਾਨਦਾਰ ਪਾਰੀ ਖੇਡਣ ਲਈ ਉਸਨੂੰ ‘ਪਲੇਅਰ ਆਫ਼ ਦਾ ਮੈਚ’ ਦਾ ਐਵਾਰਡ ਦਿੱਤਾ ਗਿਆ । ਕੈਨੇਡਾ ਲਈ ਕੋਈ ਵੀ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਸਾਰੇ ਗੇਂਦਬਾਜ਼ ਬੁਰੀ ਤਰ੍ਹਾਂ ਫਲਾਪ ਰਹੇ।
ਵੀਡੀਓ ਲਈ ਕਲਿੱਕ ਕਰੋ -: