Wankhede stadium ipl 2021 : IPL ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ । ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਦੌਰਾਨ ਕੋਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ । ਇਸ ਟੂਰਨਾਮੈਂਟ ਵਿੱਚ ਕੋਰੋਨਾ ਦਾ ਪ੍ਰਕੋਪ ਰੋਜ਼ਾਨਾ ਵੱਧ ਰਿਹਾ ਹੈ। ਹੁਣ ਵਾਨਖੇੜੇ ਸਟੇਡੀਅਮ ਦੇ ਦੋ ਗਰਾਊਂਡ ਵਰਕਰਾਂ ਅਤੇ ਇੱਕ ਪਲੰਬਰ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਮੁੰਬਈ ਕ੍ਰਿਕਟ ਸੰਘ (MCA) ਦੇ ਸੂਤਰਾਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਕੁੱਝ ਦਿਨ ਪਹਿਲਾਂ, ਵਾਨਖੇੜੇ ਸਟੇਡੀਅਮ ਦੇ 8 ਮੈਂਬਰਾਂ ਦੀ ਰਿਪੋਰਟ ਸਕਾਰਾਤਮਕ ਆਈ ਸੀ।
ਹੁਣ ਗਰਾਉਂਡ ਦਾ ਸਟਾਫ ਯਾਤਰਾ ਨਹੀਂ ਕਰੇਗਾ ਅਤੇ ਸਟੇਡੀਅਮ ਵਿੱਚ ਹੀ ਠਹਿਰੇਗਾ, ਐਮਸੀਏ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਨਖੇੜੇ ਸਟੇਡੀਅਮ ਦੇ ਅੰਦਰ ਇੱਕ ਕਲੱਬ ਹਾਊਸ ਹੈ। ਆਈਪੀਐਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੂਰਨਾਮੈਂਟ ਦੇ ਅੰਤ ਤੱਕ ਸਾਰਾ ਗ੍ਰਾਊਂਡ ਸਟਾਫ ਉੱਥੇ ਹੀ ਰਹੇਗਾ। ਟੂਰਨਾਮੈਂਟ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ਆਰਸੀਬੀ ਦੇ ਦੇਵਦੱਤ ਪਡਿਕਲ, ਦਿੱਲੀ ਕੈਪੀਟਲਸ ਦੇ ਅਕਸ਼ਰ ਪਟੇਲ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤੀਸ਼ ਰਾਣਾ ਵੀ ਕੋਰੋਨਾ ਸੰਕਰਮਿਤ ਹੋਏ ਹਨ, ਹਾਲਾਂਕਿ ਨਿਤੀਸ਼ ਰਾਣਾ ਠੀਕ ਹੋ ਗਏ ਹਨ ਅਤੇ ਟੀਮ ਨਾਲ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।