ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖਿਲਾਫ਼ ਮੌਜੂਦਾ ਟੈਸਟ ਸੀਰੀਜ਼ ਜਿੱਤ ਲਈ ਹੈ। ਭਾਰਤ ਦੀ ਇਸ ਕਾਮਯਾਬੀ ਵਿੱਚ ਯਸ਼ਸਵੀ ਜੈਸਵਾਲ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ 2 ਦੋਹਰੇ ਸੈਂਕੜੇ ਵੀ ਲਗਾਏ। ਹੁਣ ਯਸ਼ਸਵੀ ਜੈਸਵਾਲ ਨੇ ਪੰਜਵੇਂ ਟੈਸਟ ਵਿੱਚ 29 ਦੌੜਾਂ ਬਣਾਉਂਦੇ ਹੀ ਨਵਾਂ ਮੁਕਾਮ ਹਾਸਿਲ ਕਰ ਲਿਆ ਹੈ। ਇਹ ਟੈਸਟ ਕ੍ਰਿਕਟ ਵਿੱਚ ਹੁਣ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਯਸ਼ਸਵੀ ਨੂੰ 1000 ਦੌੜਾਂ ਪੂਰੀਆਂ ਕਰਨ ਦੇ ਲਈ 9 ਮੈਚਾਂ ਦੀ ਜ਼ਰੂਰਤ ਪਈ।
ਜੈਸਵਾਲ ਨੇ ਇੰਗਲੈਂਡ ਦੇ ਖਿਲਾਫ਼ ਆਖਰੀ ਟੈਸਟ ਵਿੱਚ 29 ਦੌੜਾਂ ਬਣਾਉਂਦੇ ਹੀ ਟੈਸਟ ਕ੍ਰਿਕਟ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸਦੇ ਇਲਾਵਾ ਉਹ ਮੌਜੂਦਾ ਆਈਸੀਸੀ ਟੈਸਟ ਚੈਂਪੀਅਨਸ਼ਿਪ 2023-2025 ਸਾਇਕਲ ਵਿੱਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਹਨ। ਹੁਣ ਤੱਕ 9 ਮੈਚਾਂ ਵਿੱਚ ਜੈਸਵਾਲ 1000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਯਸ਼ਸਵੀ ਜੈਸਵਾਲ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।
ਇਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਦੇ ਨਾਮ ਇਹ ਰਿਕਾਰਡ ਸੀ। ਜਿਨ੍ਹਾਂ ਨੇ 11 ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਸਨ। ਵਿਨੋਦ ਕਾਂਬਲੀ ਨੂੰ 1000 ਦੌੜਾਂ ਪੂਰਾ ਕਰਨ ਵਿੱਚ 12 ਮੈਚ ਲੱਗੇ ਸਨ। ਉੱਥੇ ਹੀ ਮਯੰਕ ਅਗਰਵਾਲ ਨੂੰ 12 ਤੇ ਸੁਨੀਲ ਗਾਵਸਕਰ ਨੂੰ 1000 ਦੌੜਾਂ ਪੂਰੀਆਂ ਕਰਨ ਦੇ ਲਈ 11 ਮੈਚਾਂ ਦੀ ਲੋੜ ਪਈ ਸੀ। ਇਸ ਤਰ੍ਹਾਂ ਯਸ਼ਸਵੀ ਜੈਸਵਾਲ ਨੇ ਭਾਰਤ ਦੇ ਲਈ ਇਤਿਹਾਸ ਰਚ ਦਿੱਤਾ ਹੈ। ਜੈਸਵਾਲ ਨੇ ਕਾਫ਼ੀ ਘੱਟ ਉਮਰ ਵਿੱਚ ਹੀ ਇਹ ਉਪਲਬਧੀ ਆਪਣੇ ਨਾਮ ਕਰ ਲਈ।
ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਯਸ਼ਸਵੀ ਜੈਸਵਾਲ ਨੇ ਹੁਣ ਤੱਕ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਟੈਸਟ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਉਣ ਤੋਂ ਖੁੰਝ ਗਏ ਸਨ। ਜਿਸ ਤੋਂ ਬਾਅਦ ਜੈਸਵਾਲ ਨੇ ਵਿਸ਼ਾਖਾਪਟਨਮ ਵਿੱਚ ਪਹਿਲੀ ਪਾਰੀ ਵਿੱਚ ਡਬਲ ਸੈਂਕੜਾ ਲਗਾਇਆ ਤੇ ਫਿਰ ਰਾਜਕੋਟ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਦੋਹਰਾ ਸੈਂਕੜਾ ਲਗਾਇਆ ਸੀ। ਇਸ ਤਰ੍ਹਾਂ ਯਸ਼ਸਵੀ ਜੈਸਵਾਲ ਇੰਗਲੈਂਡ ਦੇ ਖਿਲਾਫ਼ ਲਗਾਤਾਰ ਦੋ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਸਨ।
ਵੀਡੀਓ ਲਈ ਕਲਿੱਕ ਕਰੋ -: