ਮਹਿੰਦਰ ਸਿੰਘ ਧੋਨੀ ਤੇ ਯੁਵਰਾਜ ਸਿੰਘ ਲੰਬੇ ਸਮੇਂ ਤੱਕ ਇਕੱਠੇ ਭਾਰੀ ਟੀਮ ਲਈ ਖੇਡੇ। ਦੋਹਾਂ ਨੇ ਇਕੱਠੇ 2007 ਵਿੱਚ ਟੀ-20 ਵਿਸ਼ਵ ਕੱਪ ਤੇ 2011 ਵਿਸ਼ਵ ਕੱਪ ਦਾ ਖਿਤਾਬ ਵੀ ਜਿੱਤਿਆ। ਪਰ ਹੁਣ ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਮਹਿੰਦਰ ਸਿੰਘ ਧੋਨੀ ਨਾਲ ਆਪਣੀ ਦੋਸਤੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਸ ਦੇ ਅਤੇ ਧੋਨੀ ਵਿਚਾਲੇ ਕਦੇ ਵੀ ਗੂੜ੍ਹੀ ਦੋਸਤੀ ਨਹੀਂ ਰਹੀ । ਯੁਵਰਾਜ ਨੇ ਇਹ ਵੀ ਕਿਹਾ ਕਿ ਉਹ ਅਤੇ ਧੋਨੀ ਕ੍ਰਿਕਟ ਖੇਡਣ ਕਾਰਨ ਦੋਸਤ ਸਨ ਪਰ ਕਦੇ ਕਰੀਬੀ ਦੋਸਤ ਨਹੀਂ ਸਨ। ਇਸ ਦੌਰਾਨ ਯੁਵਰਾਜ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਧੋਨੀ ਨਾਲ ਬਿਤਾਏ ਲੰਬੇ ਸਮੇਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ।
ਯੂਵੀ ਨੇ ਕਿਹਾ ਕਿ ਮੈਂ ਅਤੇ ਮਾਹੀ ਕਰੀਬੀ ਦੋਸਤ ਨਹੀਂ ਹਾਂ। ਅਸੀਂ ਇਕੱਠੇ ਕ੍ਰਿਕਟ ਖੇਡਣ ਕਾਰਨ ਦੋਸਤ ਸੀ ਪਰ ਮਾਹੀ ਅਤੇ ਮੇਰਾ ਜੀਵਨ ਬਹੁਤ ਵੱਖਰਾ ਸੀ। ਇਸੇ ਕਰਕੇ ਸਾਡੀ ਗੂੜ੍ਹੀ ਦੋਸਤੀ ਨਹੀਂ ਸੀ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਟੀਮ ਦੇ ਸਾਥੀ ਮੈਦਾਨ ਤੋਂ ਬਾਹਰ ਤੁਹਾਡੇ ਸਭ ਤੋਂ ਚੰਗੇ ਦੋਸਤ ਹੋਣ । ਹਰ ਕਿਸੇ ਦਾ ਜੀਵਨ ਜਿਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਕਿਸੇ ਵੀ ਇੱਕ ਟੀਮ ਨੂੰ ਦੇਖ ਲਓ, ਸਾਰੇ 11 ਖਿਡਾਰੀ ਇਕੱਠੇ ਤਾਂ ਨਹੀਂ ਘੁੰਮਣਗੇ।
ਯੁਵਰਾਜ ਨੇ ਕਿਹਾ ਕਿ ਜਦੋਂ ਵੀ ਮੈਂ ਅਤੇ ਮਾਹੀ ਮੈਦਾਨ ਵਿੱਚ ਉਤਰਦੇ ਸੀ ਤਾਂ ਅਸੀਂ ਦੋਵੇਂ ਦੇਸ਼ ਲਈ ਆਪਣਾ 100 ਫੀਸਦੀ ਦਿੰਦੇ ਸੀ । ਉਹ ਕਪਤਾਨ ਸੀ ਅਤੇ ਮੈਂ ਉਪ-ਕਪਤਾਨ ਸੀ। ਸਾਡੇ ਫੈਸਲਿਆਂ ਵਿੱਚ ਫਰਕ ਹੁੰਦਾ ਸੀ। ਉਨ੍ਹਾਂ ਦੇ ਕੁਝ ਫੈਸਲੇ ਅਜਿਹੇ ਸਨ ਜੋ ਮੈਨੂੰ ਪਸੰਦ ਨਹੀਂ ਸਨ ਅਤੇ ਮੇਰੇ ਕੁਝ ਫੈਸਲੇ ਉਨ੍ਹਾਂ ਦੀ ਸਮਝ ਤੋਂ ਬਾਹਰ ਹੁੰਦੇ ਸਨ। ਹਰ ਟੀਮ ਨਾਲ ਅਜਿਹਾ ਹੁੰਦਾ ਹੈ। ਯੁਵਰਾਜ ਨੇ ਇਸ ਦੌਰਾਨ ਇੱਕ ਦੂਜੇ ਦੀ ਮਦਦ ਕਰਨ ਦਾ ਵੀ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਕਿਵੇਂ ਉਸ ਨੇ ਧੋਨੀ ਨੂੰ ਸੈਂਕੜਾ ਪੂਰਾ ਕਰਨ ਵਿੱਚ ਮਦਦ ਕੀਤੀ ਸੀ। ਉਸ ਨੇ ਇਹ ਵੀ ਦੱਸਿਆ ਕਿ ਧੋਨੀ ਨੇ ਵੀ ਇੱਕ ਵਾਰ ਉਸ ਦੀ ਫਿਫਟੀ ਪੂਰੀ ਕਰਨ ਵਿੱਚ ਸਾਥ ਦਿੱਤਾ ਸੀ।
ਇਸ ਤੋਂ ਅੱਗੇ ਯੁਵਰਾਜ ਨੇ ਆਪਣੀ ਗੱਲਬਾਤ ਵਿੱਚ ਉਸ ਪਲ ਦਾ ਵੀ ਜ਼ਿਕਰ ਕੀਤਾ, ਜਦੋਂ ਉਨ੍ਹਾਂ ਨੇ ਆਪਣੇ ਕਰੀਅਰ ਬਾਰੇ ਧੋਨੀ ਤੋਂ ਸਲਾਹ ਲਈ ਸੀ । ਉਸ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਕਰੀਅਰ ਦੇ ਆਖਰੀ ਪੜਾਅ ‘ਤੇ ਸੀ ਅਤੇ ਮੈਨੂੰ ਆਪਣੇ ਭਵਿੱਖ ਬਾਰੇ ਸਪੱਸ਼ਟ ਨਹੀਂ ਸੀ ਤਾਂ ਮੈਂ ਧੋਨੀ ਤੋਂ ਸਲਾਹ ਲਈ ਸੀ। ਉਹ ਉਹੀ ਵਿਅਕਤੀ ਸੀ ਜਿਸ ਨੇ ਮੈਨੂੰ ਕਿਹਾ ਸੀ ਕਿ ਚੋਣ ਕਮੇਟੀ ਇਸ ਸਮੇਂ ਤੁਹਾਡੇ ਬਾਰੇ ਨਹੀਂ ਸੋਚ ਰਹੀ ਹੈ। ਮੇਰੀ ਸਥਿਤੀ ਇਹ ਸੀ ਕਿ ਮੈਨੂੰ ਅਸਲ ਸਥਿਤੀ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਕੀ ਹੋ ਰਿਹਾ ਹੈ। ਇਹ ਵਿਸ਼ਵ ਕੱਪ 2019 ਤੋਂ ਠੀਕ ਪਹਿਲਾਂ ਸੀ ਅਤੇ ਇਹ ਸੱਚ ਹੈ। ਯੁਵਰਾਜ ਨੇ ਅੱਗੇ ਕਿਹਾ ਕਿ ਹੁਣ ਜਦੋਂ ਵੀ ਅਸੀਂ ਮਿਲਦੇ ਹਾਂ, ਅਸੀਂ ਚੰਗੇ ਤਰੀਕੇ ਨਾਲ ਮਿਲਦੇ ਹਾਂ। ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –