ਹਰਿਆਣਾ ਵਿਚ ਸਕੂਲੀ ਬੱਚਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।ਦੂਜੇ ਪਾਸੇ ਚੋਣ ਡਿਊਟੀ ਵਿਚ ਲੱਗੇ ਟੀਚਰਾਂ ਲਈ ਇਹ ਖਬਰ ਰਾਹਤ ਲੈ ਕੇ ਆਈ ਹੈ। ਹਰਿਆਣਾ ਸਿੱਖਿਆ ਡਾਇਰੈਕਟੋਰੇਟ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਸਬੰਧੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ।
ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮ ਵਿਚ ਸਾਫ ਲਿਖਿਆ ਹੈ ਕਿ ਹਰਿਆਣਾ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ। ਇਸ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ। ਇਸ ਦੇ ਬਾਅਦ 1 ਜੁਲਾਈ ਤੋਂ ਸਕੂਲ ਖੁੱਲ੍ਹਣਗੇ। ਦੱਸ ਦੇਈਏ ਕਿ ਸੂਬੇ ਦੇ ਸਾਰੇ ਸਕੂਲਾਂ ‘ਤੇ ਇਹ ਹੁਕਮ ਲਾਗੂ ਹੋਵੇਗਾ। ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮ ਦੀ ਕਾਪੀ ਹਰਿਆਣਾ ਦੇ ਸਾਰੇ ਸਿੱਖਿਆ ਵਿਭਾਗਾਂ ਦੇ ਨਾਲ-ਨਾਲ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਸਮੇਂ ਹਰਿਆਣਾ ਸਣੇ ਪੂਰੇ ਉੱਤਰ ਭਾਰਤ ਵਿਚ ਭਿਆਨਕ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਹੁੰਦੇ ਹੀ ਸੂਰਜ ਦੀ ਤਪਿਸ਼ ਲੋਕਾਂ ਦੇ ਸਰੀਰ ਨੂੰ ਝੁਲਸਾ ਰਹੀ ਹੈ। ਅਜਿਹੇ ਮੌਸਮ ਵਿਚ ਖਾਸ ਕਰਕੇ ਛੋਟੇ ਬੱਚਿਆਂ ਨੂੰ ਕਾਫੀ ਖਤਰਾ ਰਹਿੰਦਾ ਹੈ ਜਿਸ ਨੂੰ ਦੇਖਦੇ ਹੋਏ ਸਿੱਖਿਆ ਡਾਇਰੈਕਟੋਰੇਟ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ :‘ਆਪ’ ਆਗੂ ਨਰਿੰਦਰ ਪਾਲ ਸਿੰਘ ਪਹੁੰਚੇ ਡੇਰਾ ਬਿਆਸ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਇਸ ਦੇ ਨਾਲ ਹੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਵੀ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਹੈ। ਜੋ ਸਕੂਲ ਦੋ ਸ਼ਿਫਟਾਂ ਵਿਚ ਚੱਲਦੇ ਹਨ ਉਨ੍ਹਾਂ ਲਈ ਪਹਿਲੀ ਸ਼ਿਫਟ 7 ਤੋਂ 11.30 ਵਜੇ ਤੇ ਦੂਜੀ ਸ਼ਿਫਟ 11.45 ਤੋਂ 4.15 ਵਜੇ ਤੱਕ ਚਲੇਗੀ।