The body identified : ਜਲੰਧਰ : ਕੁਝ ਦਿਨ ਪਹਿਲਾਂ ਜਲੰਧਰ ਵਿਖੇ ਨਹਿਰ ਤੋਂ ਇੱਕ ਲਾਸ਼ ਮਿਲੀ ਸੀ। ਉਸ ਦੀ ਪਛਾਣ ਹੋ ਗਈ ਹੈ। ਇਹ ਲਾਸ਼ ਸ਼ਹਿਰ ਦੇ ਭਾਰਗਵ ਕੈਂਪ ਨਿਵਾਸੀ ਪਵਨ ਪੁੱਤਰ ਪ੍ਰੇਮ ਪ੍ਰਕਾਸ਼ ਬੱਬੀ ਦਾ ਸੀ। ਹੁਣੇ ਜਿਹੇ 20 ਸਤੰਬਰ ਨੂੰ ਉਸ ਦਾ ਵਿਆਹ ਵੀ ਸੀ ਪਰ ਕੁਝ ਦਿਨ ਪਹਿਲਾਂ ਭੇਦਭਰੇ ਹਾਲਾਤ ‘ਚ ਮੌਤ ਹੋ ਜਾਣ ਕਾਰਨ ਸਾਰੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਪਿਤਾ ਮੁਤਾਬਕ ਕੁਝ ਲੋਕਾਂ ਨੇ ਦੱਸਿਆ ਕਿ ਪਵਨ ਨਹਿਰ ਕੋਲ ਕੁਝ ਦੇਰ ਬੈਠਾ ਰਿਹਾ ਫਿਰ ਉਸ ਨੇ ਟੀ-ਸ਼ਰਟ ਉਤਾਰੀ ਤੇ ਨਹਿਰ ‘ਚ ਛਲਾਂਗ ਲਗਾ ਦਿੱਤੀ। ਹੁਣ ਸਵਾਲ ਇਹ ਹੈ ਕਿ ਉਸ ਕੋਲ ਮੌਜੂਦ ਪੈਸੇ ਤੇ ਮੋਬਾਈਲ ਫੋਨ ਕਿਥੇ ਗਿਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਸਵੇਰੇ ਲਗਭਗ 11 ਵਜੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਕੋਲ ਪੁਲਿਸ ਨੇ ਲੋਕਾਂ ਦੀ ਮਦ ਨਾਲ ਨਹਿਰ ਕੋਲੋਂ ਇੱਕ ਲਾਸ਼ ਨੂੰ ਕਢਵਾ ਕੇ ਮੋਰਚਰੀ ‘ਚ ਰਖਵਾਇਆ ਸੀ। ਪੁਲਿਸ ਮੁਤਾਬਕ ਲਗਭਗ 35 ਸਾਲ ਦੇ ਇਸ ਮ੍ਰਿਤਕ ਨੌਜਵਾਨ ਦੇ ਸਰੀਰ ‘ਤੇ ਸਿਰਫ ਕੈਪ੍ਰੀ ਹੀ ਸੀ। ਹੱਥ ‘ਤੇ ਆਰ. ਪੀ. ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਸ ਕਾਰਨ ਉਸ ਦੀ ਪਛਾਣ ਹੋ ਸਕੇ। ਫਿਰ ਅਖਬਾਰਾਂ ‘ਚ ਛਪੀ ਖਬਰ ਪੜ੍ਹ ਕੇ ਭਾਰਗਵ ਕੈਂਪ ‘ਚ ਰਹਿੰਦੀ ਉਸ ਦੀ ਭੈਣ ਅਨੂ ਨੇ ਇਸ ਬਾਰੇ ਪਰਿਵਾਰ ਨੂੰ ਦੱਸਿਆ।
ਪਿਤਾ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਪਵਨ ਪਹਿਲਾਂ ਆਪਣੇ ਭਰਾ ਪ੍ਰਮੋਦ ਨਾਲ ਜੁੱਤਾ ਫੈਕਟਰੀ ‘ਚ ਕੰਮ ਕਰਦਾ ਸੀ ਪਰ ਕੋਰੋਨਾ ਲੌਕਡਾਊਨ ਤੋਂ ਬਾਅਦ ਉਹ ਘਰ ਕੋਲ ਹੀ ਚਾਹ ਤੇ ਆਂਡੇ ਦੀ ਰੇਹੜੀ ਲਗਾਉਂਦਾ ਸੀ। ਕੁਝ ਦਿਨ ਪਹਿਲਾਂ ਉਸ ਦੀ ਜੰਮੂ ਨਿਵਾਸੀ ਇੱਕ ਲੜਕੀ ਨਾਲ ਸਗਾਈ ਹੋਈ ਸੀ ਤੇ 20 ਤਰੀਖ ਨੂੰ ਵਿਆਹ ਹੋਣਾ ਸੀ। ਉਸ ਨੇ ਘਰ ਦੀ ਮੁਰੰਮਤ ਕਰਵਾਈ ਅਤੇ ਆਪਣੇ ਲਈ ਇੱਕ ਕਮਰਾ ਵੀ ਬਣਵਾਇਆ। ਪਰਿਵਾਰਕ ਮੈਂਬਰਾਂ ਮੁਤਾਬਕ ਪਵਨ ਨੂੰ ਕੱਵਾਲੀਆਂ ਸੁਣਨ ਦਾ ਸ਼ੌਕ ਸੀ ਤੇ ਆਮ ਤੌਰ ‘ਤੇ ਉਹ ਕੱਵਾਲੀਆਂ ਸੁਣਨ ਜਾਂਦਾ ਸੀ ਤੇ ਦੇਰ ਰਾਤ ਘਰ ਵਾਪਸ ਆਉਂਦਾ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੋਚਿਆ ਕਿ ਬੇਟਾ ਕੱਵਾਲੀਆਂ ਸੁਣਨ ਗਿਆ ਹੋਵੇਗਾ ਪਰ ਜਦੋਂ ਸ਼ਨੀਵਾਰ ਸਵੇਰ ਤਕ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਲੱਭਣਾ ਸ਼ੁਰੂ ਕੀਤਾ ਪਰ ਕੁਝ ਪਤਾ ਨਹੀਂ ਲੱਗਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।