The Education Minister : ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਵਿੱਚ 11 ਨਵ ਨਿਯੁਕਤ ਪ੍ਰਿੰਸੀਪਲਾਂ ਨੂੰ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਵਲੋਂ ਕਲ ਨਿਯੁਕਤੀ ਪੱਤਰ ਸੌਂਪੇ ਗਏ। ਇਹ ਸਮਾਰੋਹ ਉਨ੍ਹਾਂ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ‘ਚ ਹੋਏ ਸਮਾਰੋਹ ਦੌਰਾਨ ਦਿੱਤੇ ਤੇ ਨਾਲ ਹੀ ਨਵੇਂ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਤੇ ਸਖਤ ਮਿਹਨਤ ਨਾਲ ਕਰਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਆਪਣੇ ਚੋਣ ਵਾਅਦੇ ਨੂੰ ਪੂਰਾ ਕਰ ਕੇ ਜਲਦੀ ਛੇ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਵਲੋਂ ਸਰਕਾਰੀ ਨੌਕਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਅਧੀਨ ਸੂਬੇ ਦੇ ਵੱਧ ਤੋਂ ਵੱਧ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ‘ਚ ਰੋਜ਼ਗਾਰ ਮੇਲੇ ਦੌਰਾਨ 90,000 ਤੋਂ ਵਧ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਤੇ 1 ਲੱਖ ਨੌਕਰੀਆਂ ਸਰਕਾਰੀ ਖੇਤਰ ‘ਚ ਉਪਲਬਧ ਕਰਵਾਈਆਂ ਜਾਣਗੀਆਂ।
ਨਿਯੁਕਤੀ ਪੱਤਰ ਦੇਣ ਸਮੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ। ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਉਨ੍ਹਾਂ ਵਿੱਚ ਮੀਨਾ ਭਾਰਤੀ, ਨਿਸ਼ਾ ਬਾਂਸਲ, ਭਾਰਤ ਭੂਸ਼ਨ, ਬਿਪਨ ਕੁਮਾਰ, ਰਣਦੀਪ ਸਿੰਘ, ਗੁਰਮੀਤ ਕੌਰ, ਦੀਪਕ ਕੁਮਾਰ, ਗੀਤਾਂਜਲੀ, ਦਿਨੇਸ਼ ਵਰਮਾ, ਆਸ਼ੂ ਸਿੰਘ ਤੇ ਦੁਰਯੋਧਨ ਗੁਰਦਿਆਲ ਸਿੰਘ ‘ਵੇਟਿੰਗ ਸੂਚੀ’ ਵਿੱਚੋਂ ਹਨ, ਜਦੋਂ ਕਿ 154 ਉਮੀਦਵਾਰਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਅਤੇ ਮਨਪਸੰਦ ਸਟੇਸ਼ਨ ਦਿੱਤੇ ਗਏ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਦੀ ਚੋਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਨੇ ਪੀ.ਈ.ਐਸ. ਗਰੁੱਪ-ਏ (ਸਕੂਲਜ਼ ਤੇ ਇੰਸਪੈਕਸ਼ਨ) ਕਾਡਰ ਵਿੱਚ ਸਿੱਧੀ ਭਰਤੀ ਦੁਆਰਾ ਕੀਤੀ ਗਈ।