Farmers boycott December : ਨਵੀਂ ਦਿੱਲੀ : ਪਿਛਲੇ 3 ਦਿਨਾਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ‘ਤੇ ਸੰਘਰਸ਼ ਕਰ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਦੀ ਤਰੀਕ ਨੂੰ 3 ਦਸੰਬਰ ਰੱਖੀ ਗਈ ਸੀ ਪਰ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਮੀਟਿੰਗ ਲਈ 1 ਦਸੰਬਰ ਦਾ ਸੱਦਾ ਦਿੱਤਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ 1 ਦਸੰਬਰ ਦੀ ਬੈਠਕ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਸ਼ਰਤਾਂ ਨਾਲ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਿਖਿਤ ‘ਚ ਸੱਦਾ ਚਾਹੀਦਾ ਹੈ ਤੇ ਉਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨਾਲ ਹੀ ਗੱਲਬਾਤ ਕਰਨਗੇ ਪਰ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਚ ਫੈਸਲਾ ਲਿਆ ਗਿਆ ਹੈ ਕਿ ਕਿਸਾਨ ਕੇਂਦਰ ਵੱਲੋਂ ਰੱਖੀ ਗਈ 1 ਦਸੰਬਰ ਦੀ ਬੈਠਕ ‘ਚ ਸ਼ਾਮਲ ਨਹੀਂ ਹੋਣਗੇ।
ਇਸ ਦੇ ਉਲਟ ਕਿਸਾਨ ਸੰਗਠਨਾਂ ਨੇ ਕੇਂਦਰ ਅੱਗੇ ਆਪਣੀਆਂ 8 ਮੰਗਾਂ ਰੱਖੀਆਂ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਸੀਲ ਕਰ ਦੇਣਗੇ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਵਾਸੀਆਂ ਨੂੰ ਦਿੱਕਤ ਆਏਗੀ ਤਾਂ ਕੇਂਦਰ ਦੀ ਸਰਕਾਰ ਝੁਕੇਗੀ। ਕਿਸਾਨਾਂ ਨੇ ਬੁਰਾੜੀ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥਏਬੰਦੀਆਂ ਹਰ ਰੋਜ਼ 4:30 ਵਜੇ ਪ੍ਰੈਸ ਕਾਨਫਰੰਸ ਕਰਨਗੀਆਂ, ਜਿਸ ਵਿੱਚ ਇੱਕ ਆਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣੇ ਆਧਾਰ ‘ਤੇ ਬਿਆਨ ਜਾਰੀ ਕਰਦਾ ਹੈ ਤਾਂ ਇਹ ਜ਼ਿੰਮੇਵਾਰੀ ਉਸ ਦੀ ਹੀ ਹੋਵੇਗੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਕੱਲ੍ਹ ਨੂੰ ਗੁਰਪੁਰਬ ਵੀ ਕੁੰਡਲੀ ਬਾਰਡਰ ‘ਤੇ ਹੀ ਮਨਾਉਣਗੇ। ਕਿਸਾਨ ਸਿੰਘੁ ਬਾਰਡਰ, ਬਹਾਦੁਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇ, ਮਥੁਰਾ ਆਗਰਾ ਹਾਈਵੇ, ਬਰੇਲੀ ਦਿੱਲੀ ਹਾਈਵੇ ਨੂੰ ਬੰਦ ਕਰਨਗੇ। ਕਿਸਾਨਾਂ ਦੀ ਵਾਲੰਟੀਅਰ ਕਮੇਟੀ ਵਿੱਚ 30 ਕਿਸਾਨ ਜਥੇਬੰਦੀਆਂ ਵਿੱਚੋਂ ਹਰ ਜਥੇਬੰਦੀ ਵੱਲੋਂ 20 ਮੈਂਬਰ ਸ਼ਾਮਲ ਹੋਣਗੇ, ਜਿਸ ਮੁਤਾਬਕ ਇਸ ਕਮੇਟੀ ਵਿੱਚ 600 ਮੈਂਬਰ ਹੋਣਗੇ।
ਕਿਸਾਨਾਂ ਵੱਲੋਂ ਜਿਹੜੀਆਂ 8 ਮੰਗਾਂ ਕੇਂਦਰ ਦੇ ਸਾਹਮਣੇ ਰੱਖੀਆਂ ਗਈਆਂ ਹਨ ਉਨ੍ਹਾਂ ਵਿੱਚ ਤਿੰਨ ਕਾਨੂੰਨ ਤੇ ਦੋ ਆਰਡੀਨੈਂਸ ਵਾਪਿਸ ਲਏ ਜਾਣ, ਪਰਾਲੀ ਨੂੰ ਲੈ ਕੇ ਜੋ ਹੁਕਮ ਦਿੱਤੇ ਗਏ ਹਨ ਕੇਂਦਰ ਉਸ ‘ਤੇ ਦੁਬਾਰਾ ਵਿਚਾਰ ਕਰੇ, ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਨੂੰ ਰਿਹਾਅ ਕਰਨ ਅਤੇ ਤੇਲ ਦੀਆਂ ਕੀਮਤਾਂ ‘ਤੇ ਆਦਿ ਹਨ ਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਖੇਤੀ ਕਾਨੂੰਨਾਂ ‘ਤੇ ਕੋਈ ਵੱਡਾ ਫੈਸਲਾ ਕੇਂਦਰ ਵੱਲੋਂ ਕੀਤਾ ਜਾ ਸਕਦਾ ਹੈ।