On the occasion : ਚੰਡੀਗੜ੍ਹ : ਪੰਜਾਬ ਭਰ ਦੇ ਕਿਸਾਨਾਂ ਵੱਲੋਂ ਪਿਛਲੇ ਲਗਭਗ ਡੇਢ ਮਹੀਨੇ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ। 13 ਨਵੰਬਰ ਨੂੰ ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਤਾਂ 6 ਘੰਟੇ ਚੱਲੀ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਇਸ ਤੋਂ ਮਗਰੋਂ 30 ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ ਦੇ ਕਿਸਾਨ ਮੋਰਚਿਆਂ ਅਤੇ ਪਿੰਡਾਂ ‘ਚ ਮਸ਼ਾਲ-ਮਾਰਚ ਕੀਤੇ ਗਏ।
ਭਾਈਚਾਰਕ-ਸਾਂਝ ਮਜ਼ਬੂਤ ਕਰਦਿਆਂ ਜਥੇਬੰਦਕ ਸੰਘਰਸ਼ ਦਾ ਸੱਦਾ ਦਿੰਦਿਆਂ ਕਿਸਾਨ 45ਵੇਂ ਦਿਨ ਵੀ ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੀ ਰਿਹਾਇਸ਼ਾਂ ‘ਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ।
30 ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਮਸ਼ਾਲਾਂ ਜਗਾਈਆਂ ਜਾਣਗੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਪਰ ਫਿਰ ਵੀ ਸਰਕਾਰ ਆਪਣੇ ਮਨਸੂਬਿਆਂ ‘ਚ ਕਾਮਯਾਬ ਨਾ ਹੋ ਸਕੇ ਇਸ ਲਈ ਇੱਕਜੁਟਤਾ ਦਾ ਸਬੂਤ ਦਿੰਦੇ ਹੋਏ ਸਾਰਿਆਂ ਨੂੰ ਤਿਓਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ।
ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸਸ਼ੀਲ ਜਥੇਬੰਦੀਆਂ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਜੁਝਾਰੂ ਲੋਕ ਇਸ ਆਰਥਿਕ ਅਤੇ ਸਮਾਜਿਕ ਪਾੜੇ ਵਾਲੇ ਸਮਾਜ ਨੂੰ ਬਦਲਣ ਲਈ ਲੜਦੇ ਰਹਿਣਗੇ। ਕਿਸਾਨਾਂ ਵੱਲੋਂ ਅਗਲੀ ਰੂਪਰੇਖਾ ਤਿਆਰ ਕਰਨ ਲਈ ਚੰਡੀਗੜ੍ਹ ਵਿਖੇ ਕਿਸਾਨ ਭਵਨ ‘ਚ ਮੀਟਿੰਗ ਸੱਦੀ ਗਈ ਹੈ ਤੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹਾਦਤ ਦਿਵਸ ਮਨਾਉਣ ਦਾ ਵੀ ਫੈਸਲਾ ਲਿਆ।
ਕੇਂਦਰ ਵੱਲੋਂ ਮੀਟਿੰਗ ‘ਚ ਆਪਣੀ ਜ਼ਿਆਦਾ ਸੁਣਾਈ ਗਈ ਤੇ ਕਿਸਾਨਾਂ ਦੀ ਘੱਟ ਸੁਣੀ ਗਈ ਤੇ ਕਿਸਾਨਾਂ ਨੂੰ ਖੇਤੀ ਮੁੱਦਿਆਂ ‘ਤੇ ਹੋਰ ਗੱਲਬਾਤ ਕਰਨ ਲਈ ਕਿਹਾ ਗਿਆ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।