Punjab and Haryana : ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਵਜੋਂ ਆਪਣੇ ਅਹੁਦੇ ‘ਤੇ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਸਹੀ ਠਹਿਰਾਇਆ ਹੈ, ਇਸ ਤੋਂ ਪਹਿਲਾਂ ਕੈਟ ਨੇ ਗੁਪਤਾ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਕੈਟ ਦੇ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਸੀ,ਕਈ ਮਹੀਨਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਦਿਨਕਰ ਗੁਪਤਾ ਦੇ ਹੱਕ ਵਿੱਚ ਫ਼ੈਸਲਾ ਆਇਆ ਹੈ।
ਪੰਜਾਬ ਸਰਕਾਰ ਅਤੇ ਯੂ. ਪੀ. ਐੱਸ. ਸੀ ਦੀਆਂ ਬੈਂਚਾਂ ਵੱਲੋਂ DGP ਦੇ ਹੱਕ ‘ਚ ਸੁਣਾਏ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਜਸਟਿਸ ਜਸਵੰਤ ਸਿੰਘ ਅਤੇ ਜਸਟਿਸ ਸੰਤ ਪ੍ਰਕਾਸ਼ ਨੇ ਇਹ ਫੈਸਲਾ ਸੁਣਾਇਆ ਹੈ। ਇਥੇ ਇਹ ਦੱਸਣਯੋਗ ਹੈ ਕਿ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਸਿਧਾਰਥ ਚਟੋਉਪਾਦਿਆਏ ਨੇ DGP ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਕੈਟ ਵਿੱਚ ਚੁਨੌਤੀ ਦਿੱਤੀ ਸੀ। ਕੈਟ ਵਿੱਚ ਤਾਂ ਦੋਵੇ ਅਫ਼ਸਰ ਜਿੱਤ ਗਏ ਪਰ ਹਾਈਕੋਰਟ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਹੰਮਦ ਮੁਸਤਫ਼ਾ ਨੇ ਆਪਣੇ ਰਿਟਾਇਰਮੈਂਟ ਨੂੰ ਲੈਕੇ ਹਾਈਕੋਰਟ ਨੂੰ ਇਸ ‘ਤੇ ਜਲਦ ਫ਼ੈਸਲਾ ਦੇਣ ਦੀ ਅਪੀਲ ਕੀਤੀ ਸੀ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ਸਮੇਤ ਕਈ ਨਾਂ ਯੂਪੀਐੱਸੀ ਨੂੰ ਚੋਣ ਦੇ ਲਈ ਭੇਜੇ ਗਏ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਦਾ ਨਾਂ ਡੀਜੀਪੀ ਲਈ ਚੁਣਿਆ ਜਿਸ ਨੂੰ ਕੈਟ ਵਿੱਚ ਚੁਨੌਤੀ ਦਿੱਤੀ ਗਈ, ਇਸ ਦੇ ਵਿਰੋਧ ਵਿੱਚ ਮੁਹੰਮਦ ਮੁਸਤਫ਼ਾ ਨੇ ਡਰੱਗ ‘ਤੇ ਬਣੀ STF ਦੇ ਮੁਖੀ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਦਿਨਕਰ ਗੁਪਤਾ ਦੀ ਚੋਣ ਕਿਉਂਕਿ ਮੁੱਖ ਮੰਤਰੀ ਦਾ ਫੈਸਲਾ ਸੀ, ਇਸ ਲਈ ਮੁੱਖ ਮੰਤਰੀ ਨੇ ਵੀ ਹਾਈਕੋਰਟ ਦੇ ਦਿੱਤੇ ਫੈਸਲੇ ‘ਤੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਇਸ ਫੈਸਲੇ ਨਾਲ ਦਿਨਕਰ ਗੁਪਤਾ ਪੰਜਾਬ ਦੇ ਡੀ. ਜੀ. ਪੀ. ਵਜੋਂ ਜਾਰੀ ਰਹਿਣਗੇ ।