Quarantine posters will : ਚੰਡੀਗੜ੍ਹ : ਕੋਰੋਨਾ ਮਰੀਜ਼ਾਂ ਦੇ ਘਰ ਹੁਣ ਕਿਤੇ ਵੀ ਕੁਆਰੰਟਾਈਨ ਦੇ ਪੋਸਟਰ ਨਹੀਂ ਲਗਾਏ ਜਾਣਗੇ ਤੇ ਨਾ ਹੀ ਹੱਥਾਂ ‘ਤੇ ਸਟੈਂਪ ਲੱਗੇਗੀ। ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਲੋਕ ਸ਼ਿਕਾਇਤ ਕਰ ਰਹੇ ਸਨ ਕਿ ਪੋਸਟਰ ਲੱਗਣ ਨਾਲ ਆਲੇ-ਦੁਆਲੇ ‘ਚ ਸਾਰੇ ਲੋਕ ਭੇਦਭਾਵ ਕਰਨ ਲੱਗਦੇ ਹਨ। ਠੀਕ ਹੋਣ ਤੋਂ ਬਾਅਦ ਵੀ ਸਮਾਜ ‘ਚ ਉਨ੍ਹਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਇਸੇ ਲਈ ਪ੍ਰਸ਼ਾਸਨ ਨੇ ਸ਼ਿਕਾਇਤ ‘ਤੇ ਅਮਲ ਕਰਦੇ ਹੋਏ ਹੁਣ ਪੋਸਟਰ ਲਗਾਉਣ ਤੇ ਸਟੈਂਪ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ। ਪਿਛਲੇ ਦੋ ਹਫਤਿਆਂ ਤੋਂ ਘਰਾਂ ਦੇ ਬਾਹਰ ਨਾ ਤਾਂ ਪੋਸਟਰ ਲਗਾਏ ਜਾ ਰਹੇ ਹਨ ਤੇ ਨਾ ਹੀ ਹੱਥਾਂ ‘ਤੇ ਸਟੈਂਪ ਲੱਗ ਰਹੀ ਹੈ। ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਸ਼ਹਿਰ ਦੇ 27 ਨਵੇਂ ਏਰੀਆ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਸਟੇਟ ਮੈਨੇਮੈਂਟ ਅਥਾਰਟੀ ਸਟੇਟ ਐਗਜ਼ੀਕਿਊਟਿਵ ਕਮੇਟੀ ਦੇ ਚੇਅਰਪਰਸਨ ਐਡਵਾਈਜ਼ਰ ਮਨੋਜ ਕੁਮਾਰ ਪਰਿਦਾ ਨੇ ਇਹ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ‘ਚ ਮਨੀਮਾਜਰਾ ਦੇ ਵੱਡੇ ਹਿੱਸੇ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਮਨੀਮਾਜਰਾ ‘ਚ ਸ਼ਾਸਤਰੀ ਨਗਰ ਤੇ ਪੀਪਲੀਵਾਲਾ ਟਾਊਨ ਦੇ ਸੈਂਕੜੇ ਘਰਾਂ ਨੂੰ ਕੰਟੇਨਮੈਂਟ ਜ਼ੋਨ ‘ਚ ਰੱਖਿਆ ਗਿਆ ਹੈ।
ਮਨੀਮਾਜਰਾ ‘ਚ ਕੋਰੋਨਾ ਧਮਾਕਾ ਹੋਇਆ ਹੈ। ਇਥੋਂ ਰੋਜ਼ਾਨਾ 30 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ 500 ਤੋਂ ਵੱਧ ਪੀੜਤ ਮਾਮਲੇ ਇਕੱਲੇ ਮਨੀਮਾਜਰਾ ਤੋਂ ਹੀ ਹਨ। ਇਸ ਲਈ ਭੀੜ ਵਾਲੇ ਏਰੀਏ ‘ਚ ਜ਼ਿਆਦਾਤਰ ਘਰਾਂ ਨੂੰ ਕੰਟੇਨਮੈਂਟ ਜ਼ੋਨ ‘ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹੱਲੋਮਾਜਰਾ ਸੈਕਟਰ 15, 19, 23, 27, 29, 32, 37, 42, 43, 49, 62 ਬਹਿਲਾਨਾ ‘ਚ ਵੀ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।