Ram Rahim’s health : ਗੁਰਮੀਤ ਰਾਮ ਰਹੀਮ ਜੋ ਕਿ ਜਬਰ ਜਨਾਹ ਦੇ ਮਾਮਲੇ ‘ਚ ਹਰਿਆਣਾ ਦੀ ਸੋਨਾਰੀਆ ਜੇਲ੍ਹ ‘ਚ ਬੰਦ ਹੈ ਅਤੇ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਦੀ ਅੱਜ ਅਚਾਨਕ ਤਬੀਅਤ ਵਿਗੜ ਗਈ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਲਾਜ ਲਈ ਰੋਹਤਕ ਦੇ ਪੀ. ਜੀ. ਆਈ. ਵਿਖੇ ਭਰਤੀ ਕਰਵਾਇਆ ਗਿਆ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਾਮ ਰਹੀਮ ਨੂੰ PGI ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੈਂਟ ਡਾਕਟਰ ਪੁਸ਼ਪਾ ਦਹੀਆ ਨੇ ਦੱਸਿਆ ਕਿ ਰਾਮ ਰਹੀਮ ਨੂੰ ਦਿਨ ‘ਚ ਚੱਕਰ ਆਏ ਸਨ ਅਤੇ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੂੰ ਕੋਰੋਨਾ ਦੀ ਕੋਈ ਸ਼ਿਕਾਇਤ ਨਹੀਂ ਹੈ।
ਪੀਜੀਆਈ ਵਿਖੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ। ਉਥੇ ਐੱਮ. ਐੱਸ. ਦਫਤਰ ਦੇ ਪਿਛਲੇ ਗੇਟ ਤੋਂ ਆਮ ਲੋਕਾਂ ਦੇ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ ਤੇ ਮੈਡੀਕਲ ਸਟਾਫ ਨੂੰ ਵੀ ਦੂਜੇ ਗੇਟ ਤੋਂ ਆਉਣ-ਜਾਣ ਲਈ ਕਿਹਾ ਗਿਆ ਹੈ।