Son of owner : ਜਲੰਧਰ : ਫਗਵਾੜਾ ਦੇ ਜੀ. ਐੱਨ. ਏ. ਗਰੁੱਪ ਦੇ ਮਾਲਕ ਜਗਦੀਸ਼ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਸਿਹਰਾ ਨੇ ਮੰਗਲਵਾਰ ਰਾਤ ਖੁਦ ਨੂੰ ਗੋਲੀ ਮਾਰ ਲਈ। ਸਿਹਰਾ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀ ਉਨ੍ਹਾਂ ਦੇ ਸਿਰ ‘ਤੇ ਲੱਗੀ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਗੁਰਿੰਦਰ ਸਿੰਘ ਸਿਹਰਾ ਦਾ ਆਪਣੇ ਪਿਤਾ ਜਗਦੀਸ਼ ਸਿੰਘ ਸਿਹਰਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਗੁਰਿੰਦਰ ਨੇ ਇਹ ਖੌਫਨਾਕ ਕਦਮ ਚੁੱਕਿਆ। ਗੁਰਿੰਦਰ ਨੇ ਬੀਤੀ ਰਾਤ ਲਾਇਸੈਂਸੀ ਰਿਵਾਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਿੰਦਰ ਸਿੰਘ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਘਰ ‘ਚ ਹੀ ਹਵਾਈ ਫਾਇਰ ਕੀਤੇ ਸਨ ਤੇ ਕੱਲ੍ਹ ਰਾਤ ਪਿਤਾ ਨਾਲ ਝਗੜੇ ਤੋਂ ਬਾਅਦ ਗੁਰਿੰਦਰ ਨੇ ਖੁਦ ਨੂੰ ਗੋਲੀ ਮਾਰ ਲਈ। ਹੋਰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਲਗਭਗ 2 ਵਜੇ ਗੁਰਿੰਦਰ ਨੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਇਸ ਤੋਂ ਬਾਅਦ ਗੁਰਿੰਦਰ ਨੂੰ ਜਲੰਧਰ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਨੇ ਦੱਸਿਆ ਕਿ ਗੁਰਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਰਿੰਦਰ ਦੀ ਉਮਰ 40 ਸਾਲ ਹੈ। ਉਨ੍ਹਾਂ ਦਾ ਇੱਕ ਬੇਟਾ ਅਤੇ ਬੇਟੀ ਹੈ। ਪਹਿਲਾਂ ਗੁਰਿੰਦਰ ਨੂੰ ਫਗਵਾੜਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੀ. ਐੱਨ. ਏ. ਗਰੁੱਪ ਦੇ ਪਰਿਵਾਰਕ ਮੈਂਬਰਾਂ ਦਾ ਚੰਡੀਗੜ੍ਹ ‘ਚ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਹੋਣਾ ਸੀ ਜਿਸ ‘ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਗੁਰਿੰਦਰ ਨੇ ਵੀ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ