153 Indians stranded abroad : ਕੋਰੋਨਾ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿਚ ਫਸੇ ਹੋਏ ਸਨ। ਹੁਣ ਉਨ੍ਹਾਂ ਦੀ ਵਤਨ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਅਧੀਨ ਵਿਦੇਸਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ AI 1916 ਦੁਬਈ ਤੋਂ ਭਾਰਤੀਆਂ ਨੂੰ ਲੈ ਕੇ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰੀ।
ਏਅਰ ਇੰਡੀਆ ਦੀ ਇਸ ਫਲਾਈਟ ਤੋਂ 153 ਲੋਕ ਚੰਡੀਗੜ੍ਹ ਪਹੁੰਚੇ। ਇਸ ਫਲਾਈਟ ਵਿਚ ਕਈ ਸੂਬਿਆਂ ਦੇ ਲੋਕ ਮੌਜੂਦ ਸਨ ਜਿਨ੍ਹਾਂ ਨੂੰ ਸੂਬਾ ਸਰਕਾਰਾਂ ਵਲੋਂ ਆਪਣੇ-ਆਪਣੇ ਰਾਜਾਂ ਵਿਚ ਲਿਜਾਇਆ ਗਿਆ ਜਿਥੇ ਇਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਕੁੱਲ 153 ਯਾਤਰੀਆਂ ਵਿਚੋਂ ਪੰਜਾਬ ਤੋਂ 80 ਯਾਤਰੀ, ਚੰਡੀਗੜ੍ਹ ਤੋੰ 11 ਯਾਤਰੀ, ਹਰਿਆਣਾ ਤੋਂ 13 ਯਾਤਰੀ, ਹਿਮਾਚਲ ਪ੍ਰਦੇਸ਼ ਤੋਂ 37 ਯਾਤਰੀ, ਜੰਮੂ ਕਸ਼ਮੀਰ ਤੋਂ 4 ਯਾਤਰੀ, ਉਤਰਾਖੰਡ ਤੋਂ 2, ਉ੍ਤਰ ਪ੍ਰਦੇਸ਼ ਤੋਂ 2 ਅਤੇ ਦਿੱਲੀ ਤੋਂ 4 ਯਾਤਰੀ ਹਨ।
ਏਅਰ ਇੰਡੀਆ ਦੀ ਇਹ ਉਡਾਨ ਲੌਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਪੜਾਅ-2 ਤਹਿਤ ਚਲਾਈ ਗਈ। ਇਸ ਮਿਸ਼ਨ ਅਧੀਨ ਚੰਡੀਗੜ੍ਹ ਏਅਰਪੋਰਟ ਨੇ ਕੁੱਲ 3 ਉਡਾਣਾਂ ਚਲਾਈਆਂ ਹਨ। ਇਸ ਵਿਚ ਚੰਡੀਗੜ੍ਹ ਏਅਰਪੋਰਟ ਤੋਂ ਮੰਗਲਵਾਰ ਨੂੰ 9 ਆਉਣ ਤੇ ਜਾਣ ਵਾਲੀਆਂ ਉਡਾਣਾਂ ਦੇ ਨਾਲ ਕੁੱਲ 18 ਉਡਾਣਾਂ ਦੀ ਆਵਾਜਾਈ ਹੋਈ। ਇੰਡੀਗੋ ਦੀ ਮੁੰਬਈ ਤੋਂ ਆਉਣ ਵਾਲੀ ਅਤੇ ਜਾਣ ਵਾਲੀ ਉਡਾਣ ਰੱਦ ਰਹੀ। ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸਕਰੀਨਿੰਗ ਤੋਂ ਬਾਅਦ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਜਾਵੇਗਾ ਤੇ ਹਰੇਕ ਯਾਤਰੀ ਦੇ ਸੈਂਪਲ ਟੈਸਟ ਲਈ ਭੇਜੇ ਜਾਣਗੇ। ਭਾਰਤ ਸਰਕਾਰ ਵਲੋਂ ਇਹ ਸਹੂਲਤ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ।