3 new cases of Corona : ਲੁਧਿਆਣਾ ਵਿਚ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਕੋਰੋਨਾ ਦੇ ਤਿੰਨ ਕੇਸ ਸਾਹਮਣੇ ਆਏ। ਇਨ੍ਹਾਂ ਵਿਚੋਂ ਇਕ ਜਲੰਧਰ ਦਾ ਰਹਿਣ ਵਾਲਾ ਵਿਅਕਤੀ, ਦੂਜਾ ਸੰਗੀਤ ਸਿਨੇਮਾ ਦੇ ਨੇੜੇ ਰਹਿਣ ਵਾਲੀ 16 ਸਾਲ ਦੀ ਕੁੜੀ ਅਤੇ ਤੀਜਾ ਗਿੱਲ ਰੋਡ ਈਸ਼ਵਰ ਸਿੰਘ ਨਗਰ ਦੀ ਰਹਿਣ ਵਾਲੀ 52 ਸਾਲ ਦੀ ਮਹਿਲਾ ਹੈ। ਦੋਵੇਂ ਮਰੀਜ਼ਾਂ ਨੂੰ ਹੀ ਜਿਲ੍ਹੇ ਵਿਚ ਜੋੜਿਆ ਜਾਵੇਗਾ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਿੱਤੀ।
ਡੀ. ਐੱਮ. ਸੀ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ 52 ਸਾਲ ਦੀ ਔਰਤ ਮੰਗਲਵਾਰ ਨੂੰ ਸਵੇਰੇ ਖੰਗੇ, ਬੁਖਾਰ, ਜੁਕਾਮ ਤੇ ਗਲੇ ਵਿਚ ਖਾਰਸ਼ ਦੀ ਸ਼ਿਕਾਇਤ ਕਰ ਰਹੀ ਸੀ। ਇਸ ਲਈ ਔਰਤ ਦੇ ਸੈਂਪਲ ਲਏ ਗਏ ਤੇ ਰਾਤ ਨੂੰ ਰਿਪੋਰਟ ਆਉਣ ‘ਤੇ ਉਹ ਕੋਰੋਨਾ ਪਾਜੀਟਿਵ ਪਾਈ ਗਈ। ਉਥੇ ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ 16 ਸਾਲ ਦੀ ਕੁੜੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਹੈ। ਇਸ ਤੋਂ ਪਹਿਲਾਂ ਮੋਹਨਦੇਈ ਓਸਵਾਲ ਹਸਪਤਾਲ ਵਿਚ ਭਰਤੀ 85 ਸਾਲਾ ਫੌਜੀ ਉਜਾਗਰ ਸਿੰਘ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਉਹ ਫੌਜੀ ਮੁਹੱਲਾ ਦੇ ਰਹਿਣ ਵਾਲੇ ਸਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕੀਤੀ।
ਮੰਗਲਵਾਰ ਨੂੰ 7 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ। ਇਨ੍ਹਾਂ ਵਿਚੋਂ 6 ਆਰ. ਪੀ. ਐੱਫ. ਦੇ ਜਵਾਨ ਸਨ। ਡਿਸਚਾਰਜ ਹੋਣ ਦੌਰਾਨ ਆਰ. ਪੀ. ਐੱਫ. ਜਵਾਨਾਂ ਨੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਹ ਉਥੇ ਹੋ ਰਹੇ ਇਲਾਜ ਤੋਂ ਵੀ ਸੰਤੁਸ਼ਟ ਨਜ਼ਰ ਆਏ। ਅੱਜ ਸੂਬੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 46 ਤਕ ਪੁੱਜਾ ਗਿਆ ਹੈ। ਜਿਲ੍ਹਾ ਜਲੰਧਰ ਦੇ 64 ਸਾਲਾ ਵਿਅਕਤੀ ਨੇ ਲੁਧਿਆਣਾ ਦੇ ਡੀ. ਐੱਮ. ਸੀ. ਵਿਚ ਆਖਰੀ ਸਾਹ ਲਏ। ਇਹ ਜਿਲ੍ਹੇ ਵਿਚ ਹੋਣ ਵਾਲੀ 9ਵੀਂ ਮੌਤ ਹੈ।