5 farmers injured : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਦਿੱਲੀ ਵਿਖੇ ਪ੍ਰਦਰਸ਼ਨ ਅੱਜ 10ਵੇਂ ਦਿਨ ਵੀ ਜਾਰੀ ਹੈ। ਲਗਾਤਾਰ ਪੰਜਾਬ, ਹਰਿਆਣਾ ਤੇ ਹੋਰਨਾਂ ਵੱਖ-ਵੱਖ ਥਾਵਾਂ ਤੋਂ ਕਿਸਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ‘ਚ ਸ਼ਾਮਲ ਹੋਣ ਲਈ ਰਵਾਨਾ ਹੋ ਰਹੇ ਹਨ। ਇਸੇ ਦੌਰਾਨ ਦਿੱਲੀ ਜਾ ਰਹੇ ਪੰਜ ਕਿਸਾਨ ਬੀਤੀ ਰਾਤ ਸੜਕ ਹਾਦਸੇ ‘ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਲਈ ਜਾਣ ਵਾਸਤੇ ਜਦੋਂ ਇਹ ਕਿਸਾਨ ਟਰੈਕਟਰ, ਟਰਾਲੀ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਜਲੰਧਰ ਜਿਲ੍ਹੇ ਦੇ ਪਿੰਡ ਹਰਦੇ ਫਰਾਲਾ ਦੇ ਕਿਸਾਨ ਜਦੋਂ ਸਰਹਿੰਦ ਦੇ ਮਾਧੋਪੁਰ ਚੌਕ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਟਰਾਲੀ ਮੇਨ ਜੀ. ਟੀ. ਰੋਡ ਤੋਂ ਪਲਟ ਕੇ ਸਲਿੱਪ ਰੋਡ ‘ਤੇ ਜਾ ਡਿੱਗੀ ਤੇ ਟਰੈਕਟਰ ਦੇ ਤਿੰਨ ਟੁਕੜੇ ਹੋ ਗਏ ਤੇ ਇਸ ਦਰਮਿਆਨ ਟਰੈਕਟਰ ਟਰਾਲੀ ‘ਚ ਸਵਾਰ 5 ਕਿਸਾਨ ਗੰਭੀਰ ਜ਼ਖਮੀ ਹੋ ਗਏ।
ਜ਼ਖਮੀਆਂ ਦੀ ਪਛਾਣ ਗੁਰਦੇਵ ਸਿੰਘ, ਜੋਬਨਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਤੇ ਦਲੀਪ ਕੌਰ ਵਜੋਂ ਹੋਈ ਹੈ। ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਫਗਵਾੜਾ ਦੇ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ। ਟਰੈਕਟਰ ਸਵਾਰ ਸਾਬਕਾ ਸਰਪੰਚ ਗੁਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਟਰੱਕ ਚਾਲਕ ਮਨੋਜ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਟਰੱਕ ਨੂੰ ਵੀ ਕਬਜ਼ੇ ‘ਚ ਲੈ ਲਿਆ ਗਿਆ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ‘ਚ ਸੋਧ ਨਹੀਂ ਚਾਹੁੰਦੇ ਸਗੋਂ ਰੱਦ ਕਰਨਾ ਚਾਹੁੰਦੇ ਹਨ। ਅੱਜ ਹੋ ਰਹੀ ਕਿਸਾਨਾਂ ਦੀ ਮੀਟਿੰਗ ‘ਚ ਕੌਮਾਂਤਰੀ ਖਿਡਾਰੀਆਂ ਵੱਲੋਂ ਕੱਲ੍ਹ ਕੇਂਦਰ ਨੂੰ ਸਨਮਾਨ ਵਾਪਸ ਕੀਤੇ ਜਾਣ ਬਾਰੇ ਗੱਲ ‘ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ‘ਭਾਰਤ ਬੰਦ’ ਦੀ ਕਾਲ ‘ਤੇ ਵੀ ਆਪਣੀ ਰਣਨੀਤੀ ਕਿਸਾਨਾਂ ਵੱਲੋਂ ਬਣਾਈ ਜਾ ਰਹੀ ਹੈ। ਮਾਤਾ ਗੁਜਰੀ ਦੀ ਉਦਾਹਰਣ ਦਿੰਦੇ ਹੋਏ ਕਿਸਾਨ ਅੰਦੋਲਨ ‘ਚ ਸ਼ਾਮਲ ਬਜ਼ੁਰਗਾਂ ਤੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ‘ਚ ਪਿੱਛੇ ਨਹੀਂ ਹਟਣ ਵਾਲੇ ਹਨ।