5 thermal plants : ਪੰਜਾਬ ਕਿਸਾਨ ਤੇ ਸੂਬਾ ਸਰਕਾਰ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ ਤੇ ਕਿਸਾਨ ਅਜੇ ਵੀ ਰੇਲ ਟਰੈਕਾਂ ‘ਤੇ ਡਟੇ ਹੋਏ ਹਨ। ਇਥੋਂ ਤੱਕ ਕਈ ਥਾਵਾਂ ‘ਤੇ ਕਿਸਾਨਾਂ ਨੇ ਨਿੱਜੀ ਥਰਮਲ ਪਲਾਂਟ ਵੱਲ ਜਾਣ ਵਾਲੇ ਰੇਲ ਟਰੈਕ ‘ਤੇ ਵੀ ਧਰਨਾ ਲਗਾਇਆ ਹੋਇਆ ਹੈ। ਸੂਬੇ ‘ਚ ਮਾਲਗੱਡੀਆਂ ਬੰਦ ਹਨ ਤੇ ਰੇਲ ਸੇਵਾ ਪੂਰੀ ਤਰ੍ਹਾਂ ਤੋਂ ਠੱਪ ਹੈ, ਜਿਸ ਕਾਰਨ ਪਾਵਰ ਪਲਾਂਟ ਨੂੰ ਕੋਇਲੇ ਦੀ ਸਪਲਾਈ ਨਹੀਂ ਮਿਲ ਰਹੀ ਤੇ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ ਜਿਸ ਨਾਲ ਪੰਜਾਬ ‘ਚ ਬਲੈਕ ਆਊਟ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸੂਬੇ ‘ਚ 5 ਥਰਮਲ ਪਲਾਂਟ ਬਿਲਕੁਲ ਬੰਦ ਪਏ ਹਨ।
ਕੋਲੇ ਦਾ ਭੰਡਾਰ ਨਾ ਹੋਣ ਕਾਰਨ ਸੂਬੇ ਦੇ ਸਰਕਾਰੀ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ ਇਲਾਵਾ ਨਿੱਜੀ ਖੇਤਰ ਦੇ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟਾਂ ਨੂੰ ਸਾਰੇ ਯੂਨਿਟਾਂ ‘ਚ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਦੂਜੇ ਪਾਸੇ ਥਰਮਲ ਪਲਾਂਟ ਬੰਦ ਹੋਣ ਨਾਲ ਬਿਜਲੀ ਦੀ ਸਲਾਈ ਲਈ ਸੂਬੇ ਦੀ ਨਿਰਭਰਤਾ ਹਾਈਡ੍ਰੋ ਪਾਵਰ ਪ੍ਰਾਜੈਕਟਾਂ ਤੇ ਨੈਸ਼ਨਲ ਗਰਿੱਡ ‘ਤੇ ਵੱਧ ਗਈ ਹੈ। ਨਿੱਜੀ ਪਾਵਰ ਪਲਾਂਟਾਂ ਦਾ ਵੀ ਇਹੀ ਹਾਲ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਖੇਤਰ ਦੇ ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਪ੍ਰਾਜੈਕਟਾਂ ‘ਚ ਤਾਂ ਕੋਇਲਾ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ ‘ਚ ਫਿਲਹਾਲ ਢਾਈ ਦਿਨ, ਰੋਪੜ ਪਲਾਂਟ ‘ਚ ਲਗਭਗ 6, ਲਹਿਰਾ ਮੁਹੱਬਤ ਪਾਵਰ ਪਲਾਂਟ ‘ਚ 4 ਦਿਨ ਦੇ ਕੋਇਲੇ ਦਾ ਸਟਾਕ ਹੈ।
ਸੂਬੇ ‘ਚ ਬਲੈਕਆਊਟ ਨਾ ਹੋਵੇ ਇਸ ਲਈ ਸੂਬੇ ‘ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੈਸ਼ਨਲ ਗਰਿੱਡ ਤੋਂ ਰੋਜ਼ਾਨਾ 60 ਕਰੋੜ ਰੁਪਏ ਬਿਜਲੀ ਦੀ ਖਰੀਦ ਕਰ ਰਿਹਾ ਹੈ। ਸੂਬੇ ‘ਚ ਮੰਗ ਨੂੰ ਦੇਖਦੇ ਹੋਏ ਪਾਵਰਕਾਮ ਨੂੰ ਰੋਜ਼ਾਨਾ ਲਗਭਗ ਇੱਕ ਹਜ਼ਾਰ ਮੈਗਾਵਾਟ ਬਿਜਲੀ ਦੀ ਖਰੀਦ ਕਰਨੀ ਪੈ ਰਹੀ ਹੈ। ਕਿਸਾਨਾਂ ਦੇ ਰੇਲਵੇ ਟਰੈਕ ‘ਤੇ ਹੋਣ ਕਾਰਨ ਰੇਲਵੇ ਅਜੇ ਮਾਲਗੱਡੀਆਂ ਨੂੰ ਚਲਾਉਣ ‘ਤੇ ਫਿਲਹਾਲ ਕੋਈ ਵਿਚਾਰ ਨਹੀਂ ਕਰ ਰਿਹਾ। ਵੀਰਵਾਰ ਨੂੰ ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਟ੍ਰੇਨਾਂ ਦੇ ਸੰਚਾਲਨ ‘ਤੇ ਪੂਰੀ ਤਰ੍ਹਾਂ ਤੋਂ ਰੋਕ ਲਗਾਈ ਗਈ ਹੈ। ਅਗਲੇ ਹੁਕਮਾਂ ਤੱਕ ਟ੍ਰੇਨਾਂ ਦਾ ਸੰਚਾਲਨ ਪੂਰੀ ਤਰ੍ਹਾਂ ਤੋਂ ਬੰਦ ਰਹੇਗਾ। ਭਾਕਿਯੂ ਉਗਰਾਹਾਂ ਪੰਜਾਬ ਦੇ 30 ਕਿਸਾਨ ਸੰਗਠਨਾਂ ਦੇ ਸੰਘਰਸ਼ ‘ਚ ਸ਼ਾਮਲ ਹੈ ਪਰ ਵੱਖਰਾ ਮੋਰਚਾ ਖੋਲ੍ਹ ਕੇ ਰਾਜਪੁਰਾ ਤੇ ਮਾਨਸਾ ‘ਚ ਰੇਲਵੇ ਟਰੈਕ ‘ਤੇ ਧਰਨਾ ਲਗਾਇਆ ਹੋਇਆ ਹੈ। ਅੰਮ੍ਰਿਤਸਰ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਨੂੰ) ਦਿਨ ਦੇ ਸਮੇਂ ਜੰਡਿਆਲਾ ਗੁਰੂ ‘ਚ ਰੇਲਵੇ ਟਰੈਕ ‘ਤੇ ਧਰਨਾ ਦੇ ਰਹੀ ਹੈ।