Another blow to : ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਪੰਜਾਬ ਨੂੰ ਇਹ ਝਟਕਾ ਪੇਂਡੂ ਵਿਕਾਸ ਨਿਧੀ (ਆਰ. ਡੀ. ਐੱਫ.) ਨੂੰ ਲੈ ਕੇ ਚੁੱਕੇ ਗਏ ਕੇਂਦਰ ਸਰਕਾਰ ਦੇ ਨਵੇਂ ਕਦਮ ਨਾਲ ਲੱਗ ਸਕਦਾ ਹੈ। ਕੇਂਦਰ ਨੇ ਪੰਜਾਬ ‘ਚ ਝੋਨੇ ਦੀ ਖਰੀਦ ਲਈ ਭੇਜੀ ਗਈ ਪ੍ਰੋਵੀਜ਼ਨਲ ਕਾਸਟ ਸ਼ੀਟ ‘ਚ 3 ਫੀਸਦੀ ਆਰ. ਡੀ. ਐੱਫ. ਨੂੰ ਫਿਲਹਾਲ ਜ਼ੀਰੋ ਕਰ ਦਿੱਤਾ ਹੈ। ਖੇਤੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸ ਆਰ. ਡੀ. ਐੱਫ. ਦਾ ਭੁਗਤਾਨ ਕੇਂਦਰ ਸਰਕਾਰ ਪਿਛਲੇ 5 ਦਹਾਕਿਆਂ ਤੋਂ ਕਰ ਰਹੀ ਹੈ ਉਸ ਬਾਰੇ ਹੁਣ ਅਜਿਹਾ ਸਵਾਲ ਪੁੱਛਣ ਦਾ ਮਤਲਬ ਹੈ ਕਿ ਸਰਕਾਰ ਇਸ ਪੈਸੇ ਨੂੰ ਦੇਣ ‘ਚ ਆਨਾਕਾਨੀ ਕਰ ਰਹੀ ਹੈ।
ਕੇਂਦਰ ਸਰਕਾਰ RDF ਨਹੀਂ ਦਿੰਦੀ ਹੈ ਤਾਂ ਪੰਜਾਬ ਨੂੰ ਕਣਕ ਦੇ ਸੀਜਨ ‘ਚ ਲਗਭਗ 1050 ਕਰੋੜ ਰੁਪਏ ਦੇ ਨੁਕਸਾਨ ਹੋਣ ਦਾ ਡਰ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਨਵੇਂ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਵੀ ਇਸ ਲਈ ਕਰ ਰਹੀ ਸੀ ਕਿਉਂਕਿ ਇਸ ‘ਚ ਮੰਡੀਆਂ ਦੇ ਬਾਹਰ ਵਿਕਣ ਵਾਲੇ ਅਨਾਜ ‘ਤੇ ਕਿਸੇ ਤਰ੍ਹਾਂ ਦਾ ਟੈਕਸ ਆਦਿ ਲੈਣ ਦੀ ਵਿਵਸਥਾ ਕੀਤੀ ਗਈ ਸੀ ਪਰ ਹੁਣ ਝੋਨੇ ਦੀ ਖਰੀਦ ‘ਚ ਹੀ ਕੇਂਦਰ ਸਰਕਾਰ ਵੱਲੋਂ ਆਰ. ਡੀ. ਐੱਫ. ਨੂੰ ਹਟਾਉਣ ਨਾਲ ਸੂਬਾ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਏ. ਪੀ. ਐੱਮ. ਸੀ. ਐਕਟ ਤਹਿਤ ਪੰਜਾਬ ਸਰਕਾਰ ਨੇ ਕਣਕ ਅਤੇ ਝੋਨੇ ਦੀ ਖਰੀਦ ‘ਤੇ ਤਿੰਨ ਫੀਸਦੀ ਮਾਰਕੀਟ ਫੀਸ, ਤਿੰਨ ਫੀਸਦੀ ਰੂਰਲ ਡਿਵੈਲਪਮੈਂਟ ਫੰਡ ਅਤੇ 2.5 ਫੀਸਦੀ ਆੜ੍ਹਤ ਲਗਾਈ ਹੋਈ ਹੈ। ਇਸ ਦਾ ਭੁਗਤਾਨ ਖਰੀਦਦਾਰ ਨੂੰ ਕਰਨਾ ਹੈ। ਕਣਕ ਤੇ ਝੋਨੇ ਦੀ ਖਰੀਦ ਕੇਂਦਰ ਸਰਕਾਰ ਲਈ ਪੰਜਾਬ ਦੀਆਂ 5 ਖਰੀਦ ਏਜੰਸੀਆਂ ਕਰਦੀਆਂ ਹਨ। ਅਜਿਹੇ ‘ਚ ਇਸ ਅਨਾਜ ਨੂੰ ਖਰੀਦਣ ਲਈ ਕਿਹੜੇ-ਕਿਹੜੇ ਖਰਚੇ ਸਰਕਾਰ ਦੇਵੇਗੀ ਅਤੇ ਕਿੰਨੇ ਦੇਵੇਗੀ ਇਸ ਦੀ ਇੱਕ ਪ੍ਰੋਵੀਜ਼ਨਲ ਕਾਸਟ ਸ਼ੀਟ ਭੇਜੀ ਜਾਂਦੀ ਹੈ ਤਾਂ ਕਿ ਏਜੰਸੀਆਂ ਜਦੋਂ ਐੱਫ. ਸੀ. ਆਈ. ਨੂੰ ਅਨਾਜ ਦੀ ਡਲਿਵਰੀ ਦਿਓ ਤਾਂ ਇਨ੍ਹਾਂ ਖਰਚਿਆਂ ਨੂੰ ਮਿਲਾ ਕੇ ਬਿੱਲ ਤਿਆਰ ਕਰੇ।
ਮਾਰਕੀਟ ਫੀਸ, ਆਰ. ਡੀ. ਐੱਫ. ਤੇ ਆੜ੍ਹਤ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਸੰਤੁਸ਼ਟ ਨਹੀਂ ਹਨ। ਆਰਡੀਐੱਫ ਤੇ ਮਾਰਕੀਟ ਫੀਸ ਤਾਂ ਸੂਬਾ ਸਰਕਾਰ ਨੂੰ ਜਾਂਦੀ ਹੈ। ਇਸ ਨੂੰ ਮੰਡੀਆਂ, ਸੰਪਰਕ ਸੜਕਾਂ ਤੇ ਖਰੀਦ ਕੇਂਦਰਾਂ ਨੂੰ ਬਣਾਉਣ ਅਤੇ ਉਸ ਦੇ ਰੱਖ-ਰਖਾਅ ‘ਤੇ ਖਰਚ ਕੀਤਾ ਜਾਂਦਾ ਹੈ। ਪਹਿਲਾਂ ਤਾਂ ਇਹ ਰਕਮ ਮੰਡੀ ਬੋਰਡ ਦੇ ਪੇਂਡੂ ਵਿਕਾਸ ਬੋਰਡ ਦੇ ਖਾਤੇ ‘ਚ ਸਿੱਧੇ ਤੌਰ ‘ਤੇ ਜਾਂਦੀ ਹੈ ਤੇ ਉਥੋਂ ਹੀ ਤੈਅ ਕੀਤਾ ਜਾਂਦਾ ਹੈ ਕਿ ਇਸ ਨੂੰ ਕਿਥੇ ਖਰਚ ਕੀਤਾ ਜਾਣਾ ਹੈ। ਆੜ੍ਹਤ ਨੂੰ ਘੱਟ ਕਰਨ ਅਤੇ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ 1997 ਤੋਂ ਚੱਲ ਰਹੀਆਂ ਹਨ ਪਰ ਆੜ੍ਹਤੀਆਂ ਦੇ ਸੰਗਠਿਤ ਹੋਣ ਕਾਰਨ ਇਸ ਬਾਰੇ ਕੇਂਦਰ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਪਰ ਹੁਣ ਕੇਂਦਰੀ ਵਿੱਤ ਕਮਿਸ਼ਨਰ ਅਤੇ ਨੀਤੀ ਕਮਿਸ਼ਨ ਵਰਗੀਆਂ ਸੰਸਥਾਵਾਂ ਇਸ ਪੈਸੇ ਨੂੰ ਕੰਸੋਲੀਡੇਸ਼ਨ ਫੰਡ ‘ਚ ਪਾਉਣ ਲਈ ਕਹਿੰਦੇ ਹਨ ਤਾਂ ਕਿ ਇਸ ਦਾ ਸਹੀ ਤਰੀਕੇ ਨਾਲ ਆਡਿਟ ਹੋ ਸਕੇ।