Arrested for firing : ਮੋਹਾਲੀ : ਬੀਤੀ 26 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ‘ਚ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਹਾਲੀ ਪੁਲਿਸ ਨੇ ਹਥਿਆਰਾਂ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 3 ਪਿਸਤੌਲ, 8 ਜ਼ਿੰਦਾ ਕਾਰਤੂਸ ਤੇ ਤੇਜ਼ਧਾਰ ਹਥਿਆਰ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ। ਇਸ ‘ਚੋਂ ਦੋ ਦੋਸ਼ੀ 26 ਅਕਤੂਬਰ ਨੂੰ ਪਟਿਆਲਾ ‘ਚ ਮੁੱਖ ਮੰਤਰੀ ਪੰਜਾਬ ਦੀ ਰੈਲੀ ਤੋਂ ਬਾਅਦ ਫਾਇਰਿੰਗ ਕਰਨ ਵਾਲੇ ਵੀ ਸ਼ਾਮਲ ਹਨ। ਪਟਿਆਲਾ ਨਿਵਾਸੀ ਹਰਵਿੰਦਰ ਸਿੰਘ ਉਰਫ ਜੋਈ ਅਤੇ ਸ਼ੁਭਮ ਉਰਫ ਬਿੱਲੂ। ਹੁਣ ਇਹ ਸੋਨੂੰ ਸ਼ਾਹ ਹੱਤਿਆ ਕੇਸ ‘ਚ ਬੁੜੈਲ ਜੇਲ੍ਹ ‘ਚ ਬੰਦ ਹਨ ਤੇ ਮਨਜੀਤ ਸਿੰਘ ਨੂੰ ਭਜਾਉਣ ਦੀ ਫਿਰਾਕ ‘ਚ ਸਨ। ਦੋਸ਼ੀ ਰਾਲੈਂਸ ਬਿਸ਼ਨੋਈ ਗੈਂਗ ਦੇ ਸਰਗਰਮ ਮੈਂਬਰ ਹਨ।
ਇਥੇ ਦੱਸਣਯੋਗ ਹੈ ਕਿ ਪਟਿਆਲਾ ਵਿਖੇ 26 ਅਕਤੂਬਰ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਤੋਂ ਬਾਅਦ ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਫਾਇਰਿੰਗ ਕੀਤੀ ਗਈ। ਦੋ ਗੁੱਟਾਂ ‘ਚ ਇਸ ਫਾਇਰਿੰਗ ‘ਚ 10 ਰਾਊਂਡ ਗੋਲੀਆਂ ਚੱਲੀਆਂ। ਪੁਲਿਸ ਵੱਲੋਂ ਇਸ ਮਾਮਲੇ ‘ਚ ਪਹਿਲਾਂ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦਾ ਨਾਂ ਸੋਨੂੰ ਪੇਂਟਰ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਚ ਲਿਆ ਜਾਵੇਗਾ। ਘਟਨਾ ‘ਚ ਦੋ ਨੌਜਵਾਨਾਂ ਜ਼ਖਮੀ ਹੋ ਗਏ ਸਨ ਜੋ ਇਲਾਜ ਤੋਂ ਬਾਅਦ ਬਿਲਕੁਲ ਠੀਕ ਹੋ ਗਏ। ਪਟਿਆਲਾ ਵਿਖੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਫਾਇਰਿੰਗ ਦੀ ਘਟਨਾ ਰੈਲੀ ਖਤਮ ਹੋਣ ਤੋਂ ਲਗਭਗ 15 ਮਿੰਟ ਬਾਅਦ ਨਗਰ ਨਿਗਮ ਦਫਤਰ ਤੋਂ ਲਗਭਗ 350 ਮੀਟਰ ਦੂਰ ਤੇ ਪਟਿਆਲਾ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਲਗਭਗ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਚੌਹਾਰੇ ਕੋਲ ਹੋਈ। ਉਸ ਸਮੇਂ ਤੱਕ ਕੈਪਟਨ ਰੈਲੀ ਵਾਲੀ ਥਾਂ ਛੱਡ ਕੇ ਜਾ ਚੁੱਕੇ ਸਨ ਪਰ ਲਗਭਗ 10 ਰਾਊਂਡ ਫਾਇਰ ਹੋਣ ਕਾਰਨ ਪੁਲਿਸ ‘ਚ ਹੜਕੰਪ ਮਚ ਗਿਆ ਸੀ। ਜਦੋਂ ਤੱਕ ਪੁਲਿਸ ਮੌਕੇ ‘ਤੇ ਪੁੱਜੀ ਸੀ ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ।