Babita Fogat accuses : ਭਾਜਪਾ ਨੇਤਾ ਤੇ ਮਹਿਲਾ ਵਿਕਾਸ ਨਿਗਮ ਦੀ ਚੇਅਰਮੈਨ ਬਬੀਤਾ ਫੋਗਾਟ ਨੇ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਂਦੇ ਹੋਏ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਫੋਗਾਟ ਨੇ ਵਿਰੋਧੀ ਧਿਰ ‘ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਕਾਰਨ ਹਰਿਆਣਾ ‘ਚ ਗਠਜੋੜ ਸਰਕਾਰ ‘ਤੇ ਕੋਈ ਸੰਕਟ ਨਹੀਂ ਹੈ ਤੇ ਜੋ ਕੋਈ ਨੇਤਾ ਅਸਤੀਫਾ ਦੇ ਰਹੇ ਹਨ, ਉਹ ਦੋਗਲੀ ਰਾਜਨੀਤੀ ਕਰ ਰਹੇ ਹਨ। ਬਬੀਤਾ ਫੋਗਾਟ ਨੇ ਚਰਖੀ ਦਾਦਰੀ ‘ਚ ਆਪਣੀ ਰਿਹਾਇਸ਼ ‘ਤੇ ਵਰਕਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਫੋਗਾਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਖੇਤੀ ਕਾਨੂੰਨ ਬਣਾਏ ਹਨ। ਇਨ੍ਹਾਂ ਦਾ ਭਵਿੱਖ ‘ਚ ਕਿਸਾਨਾਂ ਨੂੰ ਫਾਇਦਾ ਮਿਲੇਗਾ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ‘ਚ ਵਿਰੋਧੀ ਧਿਰਾਂ ਵੱਲੋਂ ਭਰਮ ਫੈਲਾਇਆ ਜਾ ਰਿਹਾ ਹੈ।
ਕਿਸਾਨਾਂ ਦੀਆਂ ਮੰਗਾਂ ਦਾ ਹੱਲ ਸਿਰਫ ਗੱਲਬਾਤ ਨਾਲ ਹੀ ਸੰਭਵ ਹੋਵੇਗਾ। ਕੇਂਦਰੀ ਖੇਤੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਜਿਸ ਤਰ੍ਹਾਂ ਵਿਰੋਧੀ ਧਿਰ ਨੇ ਸੀ. ਏ. ਏ. ਨੂੰ ਲੈ ਕੇ ਲੋਕਾਂ ‘ਚ ਭਰਮ ਫੈਲਾਇਆ, ਉਸੇ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਅਜਿਹਾ ਹੀ ਕੀਤਾ ਜਾ ਰਿਹਾ ਹੈ। ਬਬੀਤਾ ਫੋਗਾਟ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜੋ ਨੇਤਾ ਤੇ ਚੇਅਰਮੈਨ ਅਸਤੀਫਾ ਦੇ ਰਹੇ ਹਨ, ਉਹ ਭਾਜਪਾ ਦੇ ਸੱਚੇ ਸਿਪਾਹੀ ਨਹੀਂ ਹੋ ਸਕਦੇ ਹਨ ਜਿਸ ਤਰ੍ਹਾਂ ਤੋਂ ਦਾਦਰੀ ਦੇ ਵਿਧਾਇਕ ਸੋਮਵਾਰ ਸਾਂਗਵਾਨ ਨੇ ਵਿਧਾਨ ਸਭਾ ‘ਚ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਤੇ ਹੁਣ ਕਿਸਾਨ ਅੰਦੋਲਨ ਦੇ ਸਮੇਂ ਚੇਅਰਮੈਨ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਅਜਿਹੇ ‘ਚ ਉਹ ਦੋਗਲੀ ਰਾਜਨੀਤੀ ਕਰ ਰਹੇ ਹਨ। ਬਬੀਤਾ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਸੂਬੇ ਦੀ ਗਠਜੋੜ ਸਰਕਾਰ ‘ਤੇ ਕੋਈ ਸੰਕਟ ਨਹੀਂ ਹੈ। ਗੱਲਬਾਤ ਰਾਹੀਂ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਕੇਂਦਰ ਤੇ ਕਿਸਾਨਾਂ ਵਿਚਲੀ ਮੀਟਿੰਗ ਹੁਣ 9 ਦਸੰਬਰ ਨੂੰ ਰੱਖੀ ਗਈ ਹੈ। ਕਿਸਾਨ ਜਥੇਬੰਦੀਆਂ ਸਰਕਾਰ ਤੋਂ ਸਿਰਫ ‘ਹਾਂ’ ਜਾਂ ‘ਨਾਂਹ’ ‘ਚ ਹੀ ਜਵਾਬ ਮੰਗ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਉਹ ਕਾਨੂੰਨਾਂ ‘ਚ ਸੋਧ ਨਹੀਂ ਚਾਹੁੰਦੇ ਸਗੋਂ ਉਨ੍ਹਾਂ ਨੂੰ ਰੱਦ ਕਰਨਾ ਚਾਹੁੰਦੇ ਹਨ।