Center invites Delhi : ਨਵੀਂ ਦਿੱਲੀ : ਕੇਂਦਰ ਵੱਲੋਂ ਜਿਥੇ ਪਹਿਲਾਂ ਕਿਸਾਨਾਂ ਨੂੰ 3 ਦਸੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਹੁਣ ਇਹ ਬਦਲ ਕੇ 1 ਦਸੰਬਰ ਕਰ ਦਿੱਤਾ ਗਿਆ ਹੈ। ਹਰਜੀਤ ਸਿੰਘ ਗਰੇਵਾਲ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰ ਕੇ ਆਏ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਤੋਂ ਬਾਅਦ ਖੇਤੀ ਕਾਨੂੰਨਾਂ ‘ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ। ਇਸ ਮੌਕੇ ਗਰੇਵਾਲ ਨੇ ਕਿਹਾ ਕਿ ਕੇਂਦਰ ਹੁਣ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਜਲਦ ਹੀ ਹੱਲ ਕੱਢਣਾ ਚਾਹੁੰਦੀ ਹੈ। ਇਸ ਲਈ ਮੀਟਿੰਗ ਦਾ ਸਮਾਂ ਬਦਲ ਕੇ 3 ਦਸੰਬਰ ਤੋਂ 1 ਦਸੰਬਰ ਕਰ ਦਿੱਤਾ ਗਿਆ ਹੈ।
ਗਰੇਵਾਲ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਚ ਬੱਚੇ, ਬੁੱਢੇ ਤੇ ਔਰਤਾਂ ਤੇ ਹਰ ਉਮਰ ਦੇ ਵਰਗ ਦੇ ਲੋਕ ਸ਼ਾਮਲ ਹਨ। ਵਿਰੋਧ ਪ੍ਰਦਰਸ਼ਨ ਕਰ ਰਹੇ ਸਾਰੇ ਲੋਕਾਂ ਲਈ ਕੇਂਦਰ ਵੱਲੋਂ ਪੀਣ ਦੇ ਪਾਣੀ, ਖਾਣ ਲਈ ਅਤੇ ਸੌਣ ਦੇ ਸਾਰੇ ਪ੍ਰਬੰਧ ਖੁੱਲ੍ਹੀ ਗਰਾਊਂਡ ਨਿਰੰਕਾਰੀ ਭਵਨ ਵਿਖੇ ਕੀਤੇ ਗਏ ਹਨ ਤੇ ਕੋਵਿਡ-19 ਨੂੰ ਧਿਆਨ ‘ਚ ਰੱਖਦੇ ਹੋਏ ਖੁੱਲ੍ਹੀ ਜਗ੍ਹਾ ਨੂੰ ਪਹਿਲ ਦਿੱਤੀ ਗਈ ਹੈ ਤਾਂ ਜੋ ਸੋਸ਼ਲ ਡਿਸਟੈਂਸਿੰਗ ਵੀ ਧਿਆਨ ਰੱਖਿਆ ਜਾ ਸਕੇ। ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਨਿਰੰਕਾਰੀ ਭਵਨ ‘ਚ ਪਹੁੰਚਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ।
ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਗਿਆ ਕਿ ਕੇਂਦਰ ਵੱਲੋਂ ਵਾਰ-ਵਾਰ ਜਲਦੀ ਗੱਲਬਾਤ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਕਿਸਾਨਾਂ ਦੀ ਸਹਿਮਤੀ ਨਾਲ ਹੀ ਤਰੀਖ ਨੂੰ 3 ਦਸੰਬਰ ਦੀ ਬਜਾਏ 1 ਦਸੰਬਰ ਕਰ ਦਿੱਤਾ ਗਿਆ ਹੈ ਤਾਂ ਜੋ ਸਮੱਸਿਆ ਦਾ ਜਲਦ ਹੀ ਹੱਲ ਲੱਭਿਆ ਜਾ ਸਕੇ। ਜਦੋਂ ਹਰਜੀਤ ਸਿੰਘ ਤੋਂ ਪੁੱਛਿਆ ਗਿਆ ਕਿ ਕਿਸਾਨਾਂ ਦੀ ਕੇਂਦਰ ਨਾਲ ਪਹਿਲਾਂ ਵੀ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਤੇ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਮੁੱਦਾ ਗੰਭੀਰ ਹੈ ਤੇ ਇਸ ‘ਤੇ ਵਿਚਾਰ-ਚਰਚਾ ਤੋਂ ਬਾਅਦ ਹੀ ਕੋਈ ਨਤੀਜਾ ਨਿਕਲ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਉਨ੍ਹਾਂ ਦੇ ਹੱਕ ‘ਚ ਨਹੀਂ ਹਨ ਦੂਜੇ ਪਾਸੇ ਕੇਂਦਰ ਸਰਕਾਰ ਇਸ ਗੱਲ ‘ਤੇ ਅੜੀ ਹੈ ਕਿ ਭਵਿੱਖ ‘ਚ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ।
ਮੀਟਿੰਗ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕਿਸਾਨ ਜਥੇਬੰਦੀਆਂ ਮੌਜੂਦ ਹੋਣਗੀਆਂ। ਇਸ ਮੌਕੇ ਕੋਈ ਵੀ ਸਿਆਸੀ ਪਾਰਟੀ ਉਥੇ ਮੌਜੂਦ ਨਹੀਂ ਹੋਵੇਗੀ। ਕਿਸਾਨਾਂ ਤੇ ਸਰਕਾਰ ਦੀ ਸਿੱਧੀ ਗੱਲਬਾਤ ਹੋਵੇਗੀ ਤੇ ਮਸਲੇ ਦਾ ਹੱਲ ਲੱਭਿਆ ਜਾਵੇਗਾ। ਕਿਸਾਨ ਬੁਰਾੜੀ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਪਣੀ ਜ਼ਿੱਦ ‘ਤੇ ਡਟੇ ਹੋਏ ਹਨ। ਇਸ ‘ਤੇ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੰਤਰ ਮੰਤਰ ਵਿਖੇ ਸਿਰਫ 2000 ਲੋਕ ਹੀ ਇਕੱਠੇ ਹੋ ਸਕਦੇ ਹਨ। ਇਸ ਤੋਂ ਵੱਧ ਲੋਕਾਂ ਦੀ ਭੀੜ ਨਾਲ ਅਸੁਵਿਧਾ ਹੋ ਸਕਦੀ ਹੈ। ਇਸੇ ਕਰਕੇ ਉਹ ਆਪਣੀ ਸਹੂਲਤ ਲਈ ਉਹ ਬੁਰਾੜੀ ਗਰਾਊਂਡ ‘ਤੇ ਹੀ ਪ੍ਰਦਰਸ਼ਨ ਕਰ ਰਹੇ ਹਨ।
ਇਕ ਹੋਰ ਸਵਾਲ ‘ਤੇ ਕਿ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕੀਤੇ ਜਾਣ ਕਾਰਨ ਹੀ ਕੇਂਦਰ ਵੱਲੋਂ ਗੱਲਬਾਤ ਦੀ ਤਰੀਕ ਨੂੰ 1 ਦਸੰਬਰ ਕੀਤਾ ਗਿਆ ਹੈ ਤਾਂ ਇਸ ‘ਤੇ ਗਰੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਸਰਕਾਰ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਛੇਤੀ ਹੀ ਇਸ ਮੁੱਦੇ ਦਾ ਹੱਲ ਦਿਖਦਾ ਨਜ਼ਰ ਆ ਰਿਹਾ ਹੈ।